ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤੀ ਵਿਚਕਾਰ ਮੌਜੂਦਾ ਤਿਉਹਾਰੀ ਮੰਗ ਨੂੰ ਪੂਰਾ ਕਰਨ ਲਈ ਗਹਿਣੇ ਬਣਾਉਣ ਵਾਲਿਆਂ ਰਿਟੇਲਰਾਂ ਨੇ ਕੀਮਤੀ ਧਾਤਾਂ 'ਚ ਲਿਵਾਲੀ ਕੀਤੀ। ਇਸ ਨਾਲ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। ਸਥਾਨਕ ਸਰਾਫਾ ਬਾਜ਼ਾਰ 'ਚ ਪੀਲੀ ਧਾਤ 115 ਰੁਪਏ ਹੋਰ ਚੜ੍ਹ ਕੇ 27,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਬੀਤੇ ਦਿਨ ਸੋਨਾ 385 ਰੁਪਏ ਚਮਕਿਆ ਸੀ। ਇਸੇ ਤਰ੍ਹਾਂ ਸਨਅਤੀ ਇਕਾਈਆਂ ਅਤੇ ਸਿੱਕਾ ਬਣਾਉਣ ਵਾਲਿਆਂ ਦੀ ਮੰਗ ਦਾ ਸਹਾਰਾ ਲੈ ਕੇ ਚਾਂਦੀ ਵੀ 100 ਰੁਪਏ ਸੁਧਰ ਕੇ 37,400 ਰੁਪਏ ਪ੍ਰਤੀ ਕਿਲੋ ਹੋ ਗਈ। ਬੁੱਧਵਾਰ ਨੂੰ ਇਹ ਸਫ਼ੈਦ ਧਾਤ 500 ਰੁਪਏ ਉਛਲੀ ਸੀ।

ਅਮਰੀਕੀ ਫ਼ੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਫਿਲਹਾਲ ਵਾਧਾ ਨਾ ਹੋਣ ਦੀਆਂ ਅਟਕਲਾਂ 'ਚ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਕਰੀਬ ਪੰਜ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਸਿੰਗਾਪੁਰ ਦੇ ਅੰਤਰਰਾਸ਼ਟਰੀ ਬਾਜ਼ਾਰ 'ਚ ਪੀਲੀ ਧਾਤ ਦੀ ਕੀਮਤ ਚੜ੍ਹ ਕੇ 1186 ਡਾਲਰ ਪ੍ਰਤੀ ਅੌਂਸ ਹੋ ਗਈ। ਇਸ ਦਾ ਅਸਰ ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਵੀ ਪਿਆ।

ਇਥੇ ਸੋਨੇ ਦੇ ਗਹਿਣਿਆਂ ਦਾ ਮੁੱਲ 115 ਰੁਪਏ ਦੀ ਚੜ੍ਹਤ ਲੈ ਕੇ 27,150 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 22,500 ਰੁਪਏ 'ਤੇ ਕਾਇਮ ਰਹੀ। ਹਫ਼ਤਾਵਰੀ ਡਲਿਵਰੀ ਵਾਲੀ ਚਾਂਦੀ 70 ਰੁਪਏ ਦੇ ਫ਼ਾਇਦੇ 'ਚ 37,550 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ 500 ਰੁਪਏ ਉਛਲ ਕੇ 52,500-53,500 ਰੁਪਏ ਪ੍ਰਤੀ ਸੈਂਕੜੇ 'ਤੇ ਬੰਦ ਹੋਇਆ।