ਨਵੀਂ ਦਿੱਲੀ (ਪੀਟੀਆਈ) : ਵਿਦੇਸ਼ 'ਚ ਮਜ਼ਬੂਤੀ ਦੇਖ ਕੇ ਗਹਿਣੇ ਬਣਾਉਣ ਵਾਲਿਆਂ ਅਤੇ ਨਿਵੇਸ਼ਕਾਂ ਨੇ ਮੌਜੂਦਾ ਪੱਧਰ 'ਤੇ ਕੀਮਤੀ ਧਾਤੂਆਂ 'ਚ ਲਿਵਾਲੀ ਕੀਤੀ। ਇਸ ਕਾਰਨ ਸਥਾਨਕ ਸਰਾਫਾ ਬਾਜ਼ਾਰ 'ਚ ਸ਼ਨਿਚਰਵਾਰ ਨੂੰ ਸੋਨਾ 155 ਰੁਪਏ ਚੜ੍ਹ ਕੇ 25,530 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਬੀਤੇ ਦਿਨ ਇਹ ਪੀਲੀ ਧਾਤੂ 265 ਰੁਪਏ ਟੁੱਟੀ ਸੀ। ਇਸੇ ਤਰ੍ਹਾਂ ਸਨਅਤੀ ਇਕਾਈਆਂ ਅਤੇ ਸਿੱਕਾ ਬਣਾਉਣ ਵਾਲਿਆਂ ਦੀ ਮੰਗ ਦਾ ਸਹਾਰਾ ਲੈ ਕੇ ਚਾਂਦੀ 550 ਰੁਪਏ ਉਛਲ ਕੇ 33,800 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਨਿਊਯਾਰਕ ਦੇ ਅੰਤਰਰਾਸ਼ਟਰੀ ਸਰਾਫਾ ਬਾਜ਼ਾਰ 'ਚ ਬੀਤੇ ਦਿਨ ਦੇ ਕਾਰੋਬਾਰ 'ਚ ਸੋਨੇ ਦਾ ਮੁੱਲ 1.48 ਫ਼ੀਸਦੀ ਚੜ੍ਹ ਕੇ 1066.10 ਡਾਲਰ ਪ੍ਰਤੀ ਅੌਂਸ 'ਤੇ ਆ ਗਿਆ। ਚਾਂਦੀ ਵੀ 2.89 ਫ਼ੀਸਦੀ ਚੜ੍ਹ ਕੇ 14.08 ਡਾਲਰ ਪ੍ਰਤੀ ਅੌਂਸ 'ਤੇ ਪਹੁੰਚ ਗਈ। ਘਰੇਲੂ ਬਾਜ਼ਾਰ 'ਤੇ ਇਸ ਦਾ ਅਸਰ ਪਿਆ। ਇਥੇ ਸੋਨਾ ਦੇ ਗਹਿਣਿਆਂ ਦਾ ਮੁੱਲ 155 ਰੁਪਏ ਸੁਧਰ ਕੇ 25,380 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਅੱਠ ਗ੍ਰਾਮ ਵਾਲੀ ਗਿੰਨੀ 100 ਰੁਪਏ ਚਮਕ ਕੇ 22,200 ਰੁਪਏ 'ਤੇ ਪਹੁੰਚ ਗਈ। ਹਫਤਾਵਰੀ ਡਲਿਵਰੀ ਵਾਲੀ ਚਾਂਦੀ 655 ਰੁਪਏ ਦੇ ਫ਼ਾਇਦੇ 'ਚ 33,935 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ ਬਿਨਾਂ ਕਿਸੇ ਬਦਲਾਅ ਦੇ 47,000-48,000 ਰੁਪਏ ਪ੍ਰਤੀ ਸੈਂਕੜੇ 'ਤੇ ਰਿਹਾ।