ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰ 'ਚ ਮਜ਼ਬੂਤੀ ਵਿਚਕਾਰ ਗਹਿਣੇ ਬਣਾਉਣ ਵਾਲਿਆਂ ਤੇ ਨਿਵੇਸ਼ਕਾਂ ਨੇ ਕੀਮਤੀ ਧਾਤੂਆਂ 'ਚ ਲਿਵਾਲੀ ਕੀਤੀ। ਇਸ ਕਾਰਨ ਸਥਾਨਕ ਸਰਾਫਾ ਬਾਜ਼ਾਰ 'ਚ ਮੰਗਲਵਾਰ ਸੋਨੇ 'ਚ ਲਗਾਤਾਰ ਤਿੰਨ ਦਿਨਾਂ ਤੋਂ ਜਾਰੀ ਗਿਰਾਵਟ ਥੰਮ ਗਈ। ਇਹ ਪੀਲੀ ਧਾਤੂ 175 ਰੁਪਏ ਚੜ੍ਹ ਕੇ 25,700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਤਿੰਨ ਸੈਸ਼ਨਾਂ 'ਚ ਇਹ 295 ਰੁਪਏ ਟੁੱਟੀ ਸੀ। ਇਸੇ ਤਰ੍ਹਾਂ ਸਨਅਤ ਇਕਾਈਆਂ ਤੇ ਸਿੱਕਾ ਬਣਾਉਣ ਵਾਲਿਆਂ ਦੀ ਮੰਗ ਦਾ ਸਹਾਰਾ ਲੈ ਕੇ ਚਾਂਦੀ ਵੀ 200 ਰੁਪਏ ਵਧ ਕੇ 34,200 ਰੁਪਏ ਪ੍ਰਤੀ ਕਿਲੋ ਹੋ ਗਈ।

ਸਿੰਗਾਪੁਰ ਦੇ ਅੰਤਰਰਾਸ਼ਟਰੀ ਸਰਾਫਾ ਬਾਜ਼ਾਰ 'ਚ ਸੋਨਾ 0.9 ਫ਼ੀਸਦੀ ਸੁਧਰ ਕੇ 1074.76 ਡਾਲਰ ਪ੍ਰਤੀ ਅੌਂਸ ਹੋ ਗਿਆ। ਇਸ ਦਾ ਅਸਰ ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਵੀ ਪਿਆ।

ਇਥੇ ਸੋਨੇ ਦੇ ਗਹਿਣਿਆਂ ਦਾ ਮੁੱਲ 175 ਰੁਪਏ ਚੜ੍ਹ ਕੇ 25,550 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 'ਤੇ 22,200 ਰੁਪਏ 'ਤੇ ਕਾਇਮ ਰਹੀ। ਹਫਤਾਵਰੀ ਡਲਿਵਰੀ ਵਾਲੀ ਚਾਂਦੀ 85 ਰੁਪਏ ਦੇ ਫ਼ਾਇਦੇ 'ਚ 33,665 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ ਬਿਨਾਂ ਕਿਸੇ ਬਦਲਾਅ ਦੇ 48,000-49,000 ਰੁਪਏ ਪ੍ਰਤੀ ਸੈਂਕੜੇ 'ਤੇ ਜਿਉਂ ਦਾ ਤਿਉਂ ਬੰਦ ਹੋਇਆ।