ਨਿਊਯਾਰਕ (ਏਜੰਸੀ) : ਫੋਰਬਜ਼ ਰਸਾਲੇ ਦੀ 40 ਸਾਲ ਤੋਂ ਘੱਟ ਉਮਰ ਦੇ ਧਨਾਢ ਉੱਦਮੀਆਂ ਦੀ ਦੂਜੀ ਸਾਲਾਨਾ ਸੂਚੀ ਵਿਚ 2 ਭਾਰਤੀ ਮੂਲ ਦੇ ਲੋਕਾਂ ਨੂੰ ਵੀ ਜਗ੍ਹਾ ਮਿਲੀ ਹੈ। ਇਸ ਸੂਚੀ ਵਿਚ ਫੇਸਬੁੱਕ ਦੇ ਬਾਨੀ ਮਾਰਕ ਜ਼ੁਕਰਬਰਗ ਚੋਟੀ ਦੇ ਸਥਾਨ 'ਤੇ ਹਨ। 'ਅਮਰੀਕਾ ਦੇ 40 ਸਾਲ ਤੋਂ ਘੱਟ ਉਮਰ ਦੇ ਧਨਾਢ ਉੱਦਮੀ 2016' ਦੀ ਸੂਚੀ ਵਿਚ ਸਫਲ ਬਾਇਓਟੈਕ ੁਉੱਦਮੀ ਵਿਵੇਕ ਰਾਮਾਸਵਾਮੀ 24ਵੇਂ ਸਥਾਨ 'ਤੇ ਹਨ। ਉਨ੍ਹਾਂ ਕੋਲ 60 ਕਰੋੜ ਡਾਲਰ ਦਾ ਨੈਟਵਰਥ ਹੈ। ਓਥੇ ਹੀ ਅਪੂਰਵ ਮਹਿਤਾ 36 ਕਰੋੜ ਡਾਲਰ ਦੇ ਨੈਟਵਰਥ ਨਾਲ 31ਵੇਂ ਸਥਾਨ 'ਤੇ ਹਨ। ਫੋਰਬਜ਼ ਅਨੁਸਾਰ 31 ਸਾਲ ਦੇ ਰਾਮਾਸਵਾਮੀ ਹਾਰਵਰਡ ਯੂਨੀਵਰਸਿਟੀ ਤੇ ਯੇਲੇ ਸਕੂਲ ਆਫ ਮੈਨੇਜਮੈਂਟ ਦੇ ਵਿਦਿਆਰਥੀ ਰਹੇ ਹਨ। ਉਹ ਆਪਣੇ ਸੌਦਿਆਂ ਤੇ ਅੌਸ਼ਧੀ ਵਿਕਾਸ ਯੋਜਨਾਵਾਂ ਦੇ ਨਾਲ ਬਾਇਓ-ਟੈਕਨਾਲੌਜੀ ਕਾਰੋਬਾਰ ਵਿਚ ਨਿਰੰਤਰ ਵਧ ਰਹੇ ਹਨ। ਉਹ ਬਾਇਓ-ਟੈਕਨਾਲੌਜੀ ਹੋਲਡਿੰਗ ਕੰਪਨੀ ਰੋਵੈਂਟ ਸਾਈਸੇਸ ਦਾ ਸੰਚਾਲਨ ਕਰ ਰਹੇ ਹਨ। ਉਹ ਦਵਾਈਆਂ ਦੇ ਵਿਕਾਸ ਲਈ ਅਦੁੱਤੀ ਰਣਨੀਤੀ ਅਪਣਾਉਂਦੇ ਹਨ। ਓਥੇ ਹੀ ਮਹਿਤਾ ਨੂੰ ਫੋਰਬਜ਼ ਨੇ ਸਿਲੀਕਾਨ ਵੈਲੀ ਦਾ ਸਭ ਤੋਂ ਸਫਲ ਪਰਵਾਸੀ ਉੱਦਮੀ ਦੱਸਿਆ ਹੈ। ਭਾਰਤ ਵਿਚ ਜਨਮੇ ਮਹਿਤਾ ਅਤੇ ਉਨ੍ਹਾਂ ਦਾ ਪਰਿਵਾਰ ਸੰਨ 2000 ਵਿਚ ਕੈਨੇਡਾ ਚਲਾ ਗਿਆ। ਓਥੇ ਉਸ ਨੇ ਯੂਨੀਵਰਸਿਟੀ ਆਫ ਵਾਟਰਲੂ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਉਸ ਮਗਰੋਂ ਬਲੈਕਬੇਰੀ, ਕਵਾਲਕਾਮ ਅਤੇ ਅਮੇਜ਼ਨ ਵਿਚ ਨੌਕਰੀ ਕੀਤੀ। ਸੰਨ 2012 ਵਿਚ ਉਨ੍ਹਾਂ ਸਾਂਝੇ ਤੌਰ 'ਤੇ ਇੰਸਟਾਕਾਰਟ ਦੀ ਸਥਾਪਨਾ ਕੀਤੀ। ਇਹ ਕਰਿਆਨਾ ਸਾਮਾਨ ਮੁਹੱਈਆ ਕਰਵਾਉਣ ਦੀ ਸੇਵਾ ਦਿੰਦੀ ਹੈ ਅਤੇ ਇਸ ਦੇ ਲਈ ਅਜਿਹੀਆਂ ਦੁਕਾਨਾਂ ਨਾਲ ਗਠਜੋੜ ਹੋਇਆ ਹੈ।

ਫੋਰਬਜ਼ ਦੀ ਸੂਚੀ ਵਿਚ ਜ਼ੁਕਰਬਰਗ ਅੱਵਲ ਹੈ ਜਿਸ ਕੋਲ 50 ਡਾਲਰ ਮੁੱਲ ਦਾ ਨੈਟਵਰਥ ਹੈ। ਇਹ ਬੀਤੇ ਸਾਲ ਦੇ ਮੁਕਾਬਲੇ 2.9 ਅਰਬ ਡਾਲਰ ਵੱਧ ਹੈ। ਇਸ ਸਾਲ ਦੀ ਸੂਚੀ ਵਿਚ ਸ਼ਾਮਲ ਹੋਣ ਵਾਲੇ ਨਵੇਂ ਲੋਕਾਂ ਵਿਚ ਐੱਨਬੀਏ ਦੇ ਕੋਬ ਬ੍ਰਾਇਟ ਅਤੇ ਲੀ ਬ੍ਰੋਨ ਜੇਮਜ਼ ਅਤੇ ਬਾਕਸਰ ਫਲਾਇਡ ਮੇਵੇਦਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸੂਚੀ ਵਿਚ ਪੰਜ ਸਟਾਕਰ ਬੇਯੋਂਸ ਅਤੇ ਅਭਿਨੇਤਰੀ ਤੋਂ ਉਪਭੋਗਤਾ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੀ ਬਣੀ ਜੈਸਿਕਾ ਅਲਬਾ ਨੂੰ ਵੀ ਜਗ੍ਹਾ ਮਿਲੀ ਹੈ। ਚਾਲੀ ਲੋਕਾਂ ਦੀ ਸੂਚੀ ਵਿਚ ਕੇਵਲ ਇਹੋ 2 ਅੌਰਤਾਂ ਹਨ। ਫੋਰਬਜ਼ ਅਨੁਸਾਰ ਸੂਚੀ ਵਿਚ ਸ਼ਾਮਲ ਹੋਣ ਲਈ ਉੱਦਮੀਆਂ ਨੂੰ 12 ਦਸੰਬਰ ਤਕ 40 ਸਾਲ ਤੋਂ ਘੱਟ ਉਮਰ ਦਾ ਹੋਣਾ ਚਾਹੀਦਾ ਸੀ। ਨਾਲ ਹੀ ਉੱਦਮੀ ਅਮਰੀਕਾ ਵਿਚ ਰਹਿੰਦਾ ਹੋਵੇ ਅਤੇ ਖੁਦ ਹੀ ਆਪਣੀ ਸੰਪਤੀ ਬਣਾਈ ਹੋਵੇ।