ਨਵੀਂ ਦਿੱਲੀ (ਏਜੰਸੀ) : ਵਿੱਤ ਮੰਤਰਾਲੇ ਨੇ ਇਨਕਮ ਟੈਕਸ ਰਿਟਰਨ (ਆਈਟੀਆਰ) ਲਈ ਤਿੰਨ ਪੰਨਿਆਂ ਦਾ ਨਵਾਂ ਫਾਰਮ ਅੱਜ ਜਾਰੀ ਕੀਤਾ ਅਤੇ ਇਸ 'ਚ ਵਿਦੇਸ਼ੀ ਦੌਰਿਆਂ ਅਤੇ ਬੰਦ ਬੈਂਕ ਖਾਤਿਆਂ ਦੀ ਜਾਣਕਾਰੀ ਦੇਣ ਦੀ ਜ਼ਰੂਰਤ ਵਾਲੀ ਵਿਵਾਦਗ੍ਰਸਤ ਤਜਵੀਜ਼ ਨੂੰ ਹਟਾ ਦਿੱਤਾ ਗਿਆ ਹੈ। ਮੰਤਰਾਲੇ ਨੇ ਇਸ ਦੇ ਨਾਲ ਹੀ ਇਨਕਮ ਟੈਕਸ ਦਾ ਵੇਰਵਾ ਪੇਸ਼ ਕਰਨ ਦੀ ਆਖਰੀ ਤਰੀਕ ਵੀ ਵਧਾ ਕੇ 31 ਅਗਸਤ ਕਰ ਦਿੱਤੀ ਹੈ।

ਵਿੱਤ ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਆਈਟੀਆਰ-2 ਅਤੇ ਆਈਟੀਆਰ-2ਏ ਸਿਰਫ਼ ਤਿੰਨ ਪੰਨਿਆਂ ਦਾ ਹੋਵੇਗਾ ਜਦਕਿ ਹੋਰ ੁਵੇਰਵਾ ਸੂਚੀਆਂ ਤਹਿਤ ਦੇਣਾ ਹੋਵੇਗਾ। ਨਵਾਂ ਆਈਟੀਆਰ-2ਏ ਫਾਰਮ ਇਸ ਤਰ੍ਹਾਂ ਦੇ ਵਿਅਕਤੀ ਜਾਂ ਜੁਆਇੰਟ ਹਿੰਦੂ ਪਰਿਵਾਰ (ਐਚਯੂਐਫ) ਲਈ ਹਨ ਜਿਸ ਨੂੰ ਕੋਈ ਪੂੰਜੀਗਤ ਲਾਭ, ਕਾਰੋਬਾਰ ਜਾਂ ਪੇਸ਼ੇਵਰ ਆਮਦਨ ਨਹੀਂ ਹੁੰਦੀ ਅਤੇ ਜਿਸ ਕੋਲ ਕੋਈ ਵਿਦੇਸ਼ੀ ਆਮਦਨ ਜਾਂ ਸੰਪਤੀ ਨਹੀਂ ਹੈ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ ਵਧਾ ਕੇ 31 ਅਗਸਤ 2015 ਕਰ ਦਿੱਤੀ ਗਈ ਹੈ।

ਤਨਖਾਹ 'ਤੇ ਗੁਜ਼ਾਰਾ ਕਰਨ ਵਾਲੇ ਕਰਮਚਾਰੀਆਂ ਜਾਂ ਜਿਨ੍ਹਾਂ ਦੀ ਕੋਈ ਪੇਸ਼ੇਵਰ ਕਾਰੋਬਾਰੀ ਆਮਦਨ ਨਹੀਂ ਹੈ ਉਨ੍ਹਾਂ ਨੂੰ ਆਈਟੀਆਰ-1 ਜਾਂ ਆਈਟੀ 2 ਵਿਚ ਰਿਟਰਨ ਹਰ ਸਾਲ 31 ਜੁਲਾਈ ਤੱਕ ਭਰਨੀ ਹੁੰਦੀ ਹੈ। ਵਿਦੇਸ਼ੀ ਦੌਰਿਆਂ ਦਾ ਵੇਰਵਾ ਦੇਣ ਸਬੰਧੀ ਵਿਵਾਦਗ੍ਰਸਤ ਤਜਵੀਜ਼ ਬਾਰੇ ਬਿਆਨ ਵਿਚ ਕਿਹਾ ਗਿਆ ਹੈ ਕਿ ਟੈਕਸ ਦੇਣ ਵਾਲਿਆਂ ਨੂੰ ਸਿਰਫ਼ ਆਪਣਾ ਪਾਸਪੋਰਟ ਨੰਬਰ ਦੇਣਾ ਪਵੇਗਾ। ਇਸ ਅਨੁਸਾਰ ਵਿਦੇਸ਼ੀ ਦੌਰਿਆਂ ਦੇ ਵੇਰਵਿਆਂ ਦੇ ਸਬੰਧ ਵਿਚ, ਹੁਣ ਪ੍ਰਸਤਾਵ ਕੀਤਾ ਗਿਆ ਹੈ ਕਿ ਫਾਰਮ ਆਈਟੀਆਰ-2 ਅਤੇ ਆਈਟੀਆਰ-2ਏ ਵਿਚ ਸਿਰਫ਼ ਪਾਸਪੋਰਟ ਨੰਬਰ (ਜੇਕਰ ਹੋਵੇ) ਦੇਣਾ ਪਵੇਗਾ। ਵਿਦੇਸ਼ੀ ਦੌਰਿਆਂ ਅਤੇ ਖਰਚ ਦਾ ਵੇਰਵਾ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਮੰਤਰਾਲੇ ਨੇ ਉਨ੍ਹਾਂ ਬੰਦ ਬੈਂਕ ਖਾਤਿਆਂ ਦਾ ਵੇਰਵਾ ਦੇਣ ਦੀ ਜ਼ਰੂਰਤ ਵੀ ਸਮਾਪਤ ਕਰ ਦਿੱਤੀ ਹੈ ਜਿਸ ਵਿਚ ਬੀਤੇ ਤਿੰਨ ਸਾਲ ਤੋਂ ਕੋਈ ਲੈਣ ਦੇਣ ਨਹੀਂ ਹੋਇਆ ਹੈ। ਯਾਨੀ ਟੈਕਸ ਦੇਣ ਵਾਲਿਆਂ ਨੂੰ ਵਿੱਤੀ ਵਰ੍ਹੇ 'ਚ ਆਪਣੇ ਚਾਲੂ ਬਚਤ ਬੈਂਕ ਖਾਤਿਆਂ ਦੀ ਗਿਣਤੀ ਅਤੇ ਆਈਐਫਐਸ ਕੋਡ ਦੇਣਾ ਪਵੇਗਾ। ਇਨ੍ਹਾਂ ਖਾਤਿਆਂ ਵਿਚ ਰਕਮ ਦੀ ਜਾਣਕਾਰੀ ਨਹੀਂ ਦੇਣੀ ਪਵੇਗੀ। ਵਰਨਣਯੋਗ ਹੈ ਕਿ ਇਸ ਫਾਰਮ ਦੇ ਪਹਿਲੇ ਰੂਪ ਦਾ ਵਿਰੋਧ ਹੋਣ ਦੇ ਬਾਅਦ ਮੰਤਰਾਲਾ ਇਹ ਸੌਖਾ ਰੂਪ ਲੈ ਕੇ ਆਇਆ ਹੈ।