ਲਾਸ ਏਂਜਲਸ (ਏਜੰਸੀ) : ਅਮਰੀਕਾ 'ਚ ਡਿਜ਼ਨੀਲੈਂਡ ਦੇ ਮੂਲ ਨਕਸ਼ੇ ਦੀ ਵੱਡੀ ਬੋਲੀ ਲਗਾਈ ਗਈ। ਇਹ ਰਿਕਾਰਡ 7,08,00 ਡਾਲਰ (ਕਰੀਬ 4.56 ਕਰੋੜ ਰੁਪਏ) 'ਚ ਵੇਚਿਆ ਗਿਆ। ਡਿਜ਼ਨੀਲੈਂਡ ਦਾ ਇਹ ਪਹਿਲਾ ਨਕਸ਼ੇ ਸਾਲ 1953 'ਚ ਵਾਲਟ ਡਿਜ਼ਨੀ ਨੇ ਤਿਆਰ ਕੀਤਾ ਸੀ।

ਇਹ ਨਕਸ਼ਾ ਡਿਜ਼ਨੀਲੈਂਡ ਦੇ ਨਿਰਮਾਣ ਲਈ ਪੈਸੇ ਇਕੱਠੇ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ 'ਚ ਡਿਜ਼ਨੀਲੈਂਡ ਦੇ ਇਲਾਕਿਆਂ ਨੂੰ ਚਿੱਤਰਿਆ ਗਿਆ ਸੀ। ਪੈਂਸਿਲ ਤੇ ਸਿਆਹੀ ਨਾਲ ਬਣਾਇਆ ਗਿਆ ਇਹ ਨਕਸ਼ਾ ਤਿੰਨ ਫੁੱਟ ਉੱਚਾ ਤੇ ਪੰਜ ਫੁੱਟ ਚੌੜਾ ਹੈ। ਇਸ ਨੂੰ ਡਿਜ਼ਨੀ ਤੇ ਉਨ੍ਹਾਂ ਦੇ ਦੋਸਤ ਹਰਬ ਰਿਮੈਨ ਨੇ ਸਤੰਬਰ 1953 'ਚ ਹਫ਼ਤੇ 'ਚ ਤਿਆਰ ਕੀਤਾ ਸੀ। ਇਸ ਨਕਸ਼ੇ ਨੂੰ 40 ਸਾਲ ਪਹਿਲਾਂ ਰਾਨ ਕਲਾਰਕ ਨੇ ਡਿਜ਼ਨੀ ਦੇ ਸਾਬਕਾ ਮੁਲਾਜ਼ਮ ਗ੍ਰੇਨੇਡ ਕੁਰੈਨ ਤੋਂ ਖਰੀਦਿਆ ਸੀ। ਬੀਬੀਸੀ ਨਿਊਜ਼ ਨੇ ਗ੍ਰੇਨੇਡ ਦੇ ਹਵਾਲੇ ਨਾਲ ਕਿਹਾ, 'ਮੈਂ ਇਸ ਨੂੰ ਆਪਣੇ ਕੋਲ ਰੱਖਿਆ ਕਿਉਂਕਿ ਇਹ ਅਜਿਹੀ ਪਹਿਲੀ ਚੀਜ਼ ਸੀ ਜਿਹੜੀ ਇਹ ਦਿਖਾਉਂਦੀ ਸੀ ਕਿ ਥੀਮ ਪਾਰਕ ਕਿਸ ਤਰ੍ਹਾਂ ਦਾ ਹੋਵੇਗਾ।' ਲਾਸ ਏਂਜਲਸ 'ਚ ਵੈਨ ਈਟੋਨ ਦੇ ਮਾਲਿਕ ਮਾਈਕ ਈਟੋਨ ਨੇ ਕਿਹਾ ਕਿ ਕਈ ਬੋਲੀਆਂ ਤੋਂ ਬਾਅਦ ਨਕਸ਼ੇ ਨੂੰ 7,08,000 ਡਾਲਰ 'ਚ ਵੇਚਿਆ ਗਿਆ। ਇਹ ਨਿਊਜ਼ੀਲੈਂਡ ਦਾ ਸਭ ਤੋਂ ਮਹਿੰਗਾ ਨਕਸ਼ਾ ਬਣ ਗਿਆ ਹੈ। ਇਸ ਤੋਂ ਇਲਾਵਾ ਡਿਜ਼ਨੀਲੈਂਡ ਦੀਆਂ ਕਰੀਬ ਇਕ ਹਜ਼ਾਰ ਹੋਰ ਵਸਤਾਂ ਦੀ ਨੀਲਾਮੀ ਵੀ ਕੀਤੀ ਗਈ।