ਵਾਸ਼ਿੰਗਟਨ : ਵਾਲਟ ਡਿਜ਼ਨੀ ਕੰਪਨੀ ਨੇ ਕਿਰਤੀਆਂ ਦੇ ਸੁਰੱਖਿਅਤ ਕੰਮਕਾਜ ਦੀ ਸਥਿਤੀ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼, ਪਾਕਿਸਤਾਨ ਤੇ ਤਿੰਨ ਹੋਰ ਦੇਸ਼ਾਂ ਤੋਂ ਅਗਲੇ ਸਾਲ ਆਪਣਾ ਬੋਰੀਆ-ਬਿਸਤਰਾ ਗੋਲ ਕਰਨ ਦਾ ਫੈਸਲਾ ਲਿਆ ਹੈ। ਪਿਛਲੇ ਹਫਤੇ ਬੰਗਲਾਦੇਸ਼ 'ਚ ਇਕ ਫੈਕਟਰੀ ਦੀ ਇਮਾਰਤ ਦੇ ਢਹਿਣ ਤੋਂ ਪਹਿਲਾਂ ਕੰਪਨੀ ਨੇ ਇਹ ਫੈਸਲਾ ਲਿਆ ਸੀ। ਉਸ ਹਾਦਸੇ 'ਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 2500 ਤੋਂ ਵੱਧ ਜ਼ਖਮੀ ਹੋ ਗਏ ਸਨ। ਡਿਜ਼ਨੀ ਨੇ ਕਿਹਾ ਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਤਜਰੀਨ ਫੈਸ਼ਨਜ਼ ਫੈਕਟਰੀ 'ਚ ਨਵੰਬਰ 'ਚ ਲੱਗੀ ਅੱਗ ਦੀ ਘਟਨਾ ਤੋਂ ਬਾਅਦ ਉਸ ਨੇ ਇਹ ਫੈਸਲਾ ਲਿਆ ਸੀ। ਉਸ ਘਟਨਾ 'ਚ 112 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ 'ਚ ਪਿਛਲੇ ਸਾਲ 'ਚ ਸਤੰਬਰ 'ਚ ਅੱਗ ਲੱਗਣ ਦੀ ਘਟਨਾ 'ਚ 262 ਲੋਕਾਂ ਦੀ ਮੌਤ ਹੋ ਗਈ ਸੀ। ਇਸ ਫੈਸਲੇ ਨਾਲ ਬੰਗਲਾਦੇਸ਼ ਤੇ ਪਾਕਿਸਤਾਨ ਦੀ ਕੱਪੜਾ ਬਰਾਮਦ ਸਨਅਤ 'ਤੇ ਬੁਰੀ ਤਰ੍ਹਾਂ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਡਿਜ਼ਨੀ ਇਕਵਾਡੋਰ, ਵੈਨੇਜ਼ੁਏਲਾ ਤੇ ਬੇਲਾਰੂਸ 'ਚ ਵੀ ਕੰਮਕਾਜ ਰੋਕੇਗੀ। ਡਿਜ਼ਨੀ ਕੰਜ਼ਿਊਮਰ ਪ੍ਰੋਡਕਟਜ਼ ਦੇ ਪ੍ਰਧਾਨ ਬਾਬ ਚਾਪਕੇ ਨੇ ਕੱਲ੍ਹ ਬਿਆਨ 'ਚ ਕਿਹਾ ਕਿ ਕਾਫੀ ਸੋਚਣ ਤੇ ਵਿਚਾਰ ਕਰਨ ਤੋਂ ਬਾਅਦ ਅਸੀਂ ਇਹ ਮੰਨਿਆ ਹੈ ਕਿ ਸਾਡੀ ਸਪਲਾਈ ਸ਼ਾਖਾ ਨਾਲ ਸਬੰਧਿਤ ਚੁਣੌਤੀਆਂ ਨਾਲ ਸਭ ਤੋਂ ਵਧੀਆ ਤਰੀਕਾ ਇਹੀ ਹੈ।