-ਸੈਂਸੈਕਸ ਅਤੇ ਨਿਫਟੀ 'ਚ ਮਾਮੂਲੀ ਗਿਰਾਵਟ

ਮੁੰਬਈ (ਪੀਟੀਆਈ) : ਕੋਲ ਇੰਡੀਆ ਵਰਗੀਆਂ ਵੱਡੀਆਂ ਕੰਪਨੀਆਂ ਦੀ ਕਮਾਈ ਘੱਟਣ ਅਤੇ ਅਮਰੀਕੀ ਵਿਆਜ ਦਰਾਂ 'ਚ ਵਾਧੇ ਦੇ ਖਦਸ਼ੇ ਵਿਚਕਾਰ ਨਿਵੇਸ਼ਕਾਂ ਨੇ ਚੌਕਸੀ ਭਰੀ ਵਿਕਰੀ ਕੀਤੀ। ਇਸ ਕਾਰਨ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 94.98 ਅੰਕ ਕਮਜ਼ੋਰ ਹੋ ਕੇ 26602.84 'ਤੇ ਬੰਦ ਹੋਇਆ। ਬੀਤੇ ਦਿਨ ਇਸ ਸੰਵੇਦੀ ਸੂਚਕਅੰਕ 'ਚ 182.58 ਅੰਕ ਦਾ ਵਾਧਾ ਦਰਜ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 39.35 ਅੰਕ ਦੀ ਕਮਜ਼ੋਰੀ ਨਾਲ 8182.45 'ਤੇ ਬੰਦ ਹੋਇਆ।

ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਬੈਠਕ 'ਚ ਵਿਆਜ ਦਰਾਂ ਨੂੰ ਵਧਾਉਣ ਦਾ ਫ਼ੈਸਲਾ ਹੋ ਸਕਦਾ ਹੈ। ਇਸੇ ਖਦਸ਼ੇ 'ਚ ਨਿਵੇਸ਼ਕ ਵਿਕਰੀ ਕਰ ਰਹੇ ਹਨ। ਇਸ ਤੋਂ ਇਲਾਵਾ ਸੈਂਸੈਕਸ 'ਚ ਜ਼ਿਆਦਾ ਵੇਟੇਜ ਵਾਲੀ ਦੁਨੀਆ ਦੀ ਦਿੱਗਜ਼ ਕੋਲਾ ਕੰਪਨੀ ਕੋਲ ਇੰਡੀਆ ਦੀ ਕਮਾਈ ਅਤੇ ਮੁਨਾਫ਼ਾ ਘੱਟਣ ਕਾਰਨ ਵੀ ਦਲਾਲ ਸਟਰੀਟ ਦੀ ਕਾਰੋਬਾਰੀ ਧਾਰਨਾ 'ਤੇ ਅਸਰ ਪਿਆ। ਇਹੀ ਕਾਰਨ ਰਿਹਾ ਕਿ ਨਿਵੇਸ਼ਕ ਪ੍ਰਚੂਨ ਅਤੇ ਥੋਕ ਮਹਿੰਗਾਈ 'ਚ ਆਈ ਕਮੀ ਦੀ ਅਣਦੇਖੀ ਕਰ ਗਏ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 26707.91 ਅੰਕ 'ਤੇ ਮਜਬੂਤ ਖੋਲਿ੍ਹਆ। ਸੈਸ਼ਨ ਦੌਰਾਨ ਇਹ 26736.34 ਅੰਕ ਦੇ ਸਿਖਰ 'ਤੇ ਆਇਆ, ਜਦੋਂ ਕਿ ਵਿਕਰੀ ਦੇ ਦਬਾਅ 'ਚ ਇਹ ਹੇਠਾਂ 26547.05 ਅੰਕ 'ਤੇ ਆ ਗਿਆ। ਇਸ ਦਿਨ ਮੈਟਲ, ਪੀਐੱਸਯੂ, ਕੈਪੀਟਲ ਗੁੱਡਸ ਅਤੇ ਐੱਫਐੱਮਸੀਜੀ ਦੇ ਸ਼ੇਅਰਾਂ 'ਤੇ ਵਿਕਰੀ ਦੀ ਜ਼ਿਆਦਾ ਮਾਰ ਪਈ। ਕੋਲ ਇੰਡੀਆ ਦਾ ਸ਼ੇਅਰ ਤਾਂ 4.42 ਫ਼ੀਸਦੀ ਡਿਗ ਗਿਆ। ਹਾਲਾਂਕਿ, ਆਈਟੀ, ਰਿਆਲਟੀ ਅਤੇ ਟੈਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਨੇ ਦਿਲਚਸਪੀ ਦਿਖਾਈ। ਸੈਂਸੈਕਸ ਦੀਆਂ 30 ਕੰਪਨੀਆਂ 'ਚ 22 ਦੇ ਸ਼ੇਅਰ ਨੁਕਸਾਨ 'ਚ ਰਹੇ, ਜਦੋਂਕਿ 8 'ਚ ਤੇਜ਼ੀ ਦਰਜ ਕੀਤੀ ਗਈ।

ਇਨਸੈੱਸ

ਚਾਂਦੀ ਨਰਮ ਪਈ, ਸੋਨਾ ਸਥਿਰ

ਨਵੀਂ ਦਿੱਲੀ (ਪੀਟੀਆਈ) : ਸਨਅਤੀ ਯੂਨਿਟਾਂ ਦੀ ਮੰਗ ਘੱਟਣ ਨਾਲ ਸਥਾਨਕ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਚਾਂਦੀ 100 ਰੁਪਏ ਪਿਘਲ ਕੇ 41 ਹਜ਼ਾਰ 400 ਰੁਪਏ ਪ੍ਰਤੀ ਕਿਲੋ ਹੋ ਗਈ। ਬੀਤੇ ਦਿਨ ਸਫੈਦ ਧਾਤੂ 'ਚ ਏਨੀ ਹੀ ਤੇਜ਼ੀ ਆਈ ਸੀ। ਵਿਦੇਸ਼ 'ਚ ਮਜਬੂਤੀ ਦੇ ਬਾਵਜੂਦ ਸੋਨੇ ਦੀ ਕੀਮਤ 28 ਹਜ਼ਾਰ 450 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਹੀ। ਸਿੰਗਾਪੁਰ ਦੇ ਕੌਮਾਂਤਰੀ ਬਾਜ਼ਾਰ 'ਚ ਸੋਨਾ ਸੁਧਰ ਕੇ 1162.70 ਡਾਲਰ ਪ੍ਰਤੀ ਅੌਂਸ ਹੋ ਗਿਆ। ਚਾਂਦੀ ਇਕ ਫ਼ੀਸਦੀ ਤੋਂ ਜ਼ਿਆਦਾ ਵਧ ਕੇ 17.07 ਡਾਲਰ ਪ੍ਰਤੀ ਅੌਂਸ 'ਤੇ ਪਹੁੰਚ ਗਈ। ਇਸ ਤੇਜ਼ੀ ਦਾ ਘਰੇਲੂ ਬਾਜ਼ਾਰ 'ਤੇ ਕੋਈ ਅਸਰ ਨਹੀਂ ਪਿਆ, ਕਿਉਂਕਿ ਇੱਥੇ ਕੀਮਤੀ ਧਾਤੂਆਂ ਦੀ ਮੰਗ ਕਾਫੀ ਘੱਟ ਰਹੀ ਹੈ। ਇਸ ਦਿਨ ਚਾਂਦੀ ਹਫਤਾਵਾਰੀ ਡਿਲੀਵਰੀ 10 ਰੁਪਏ ਦੀ ਗਿਰਾਵਟ ਨਾਲ 41 ਹਜ਼ਾਰ 480 ਰੁਪਏ ਪ੍ਰਤੀ ਕਿਲੋ 'ਤੇ ਬੋਲੀ ਗਈ। ਚਾਂਦੀ ਸਿੱਕਾ ਪਿਛਲੇ ਪੱਧਰ 72 ਹਜ਼ਾਰ ਤੋਂ 73 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਸਥਿਰ ਬੰਦ ਹੋਇਆ।