ਮੁੰਬਈ (ਏਜੰਸੀ) : ਨੀਤੀਗਤ ਵਿਆਜ 'ਚ ਬਦਲਾਅ ਨਹੀਂ ਕਰਨ ਦੇ ਭਾਰਤੀ ਰਿਜ਼ਰਵ ਬੈਂਕ ਦੇ ਫ਼ੈਸਲੇ ਨਾਲ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਵਿਵਾਦ ਨੂੰ ਲੈ ਕੇ ਚਿੰਤਾ ਫਿਰ ਤੋਂ ਉਭਰਨ ਕਾਰਨ ਪ੍ਰਮੁੱਖ ਵਿਦੇਸ਼ੀ ਬਾਜ਼ਾਰਾਂ 'ਚ ਵੀ ਗਿਰਾਵਟ ਦਾ ਮਾਹੌਲ ਰਿਹਾ। ਬੀਐੱਸਈ ਦਾ ਸੈਂਸੈਕਸ 249.90 ਅੰਕ ਡਿੱਗ ਕੇ 35,884.41 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 84.55 ਅੰਕਾਂ ਦੀ ਗਿਰਾਵਟ ਨਾਲ 10784.95 'ਤੇ ਬੰਦ ਹੋਇਆ।

ਬੀਐੱਸਈ 'ਤੇ ਸਾਰੇ ਸੈਕਟਰਾਂ 'ਚ ਗਿਰਾਵਟ ਵੇਖੀ ਗਈ। ਧਾਤੂ, ਫਾਰਮਾ ਤੇ ਵਿਆਜ ਦਰ ਪ੍ਰਤੀ ਸੰਵੇਦਨਸ਼ੀਲ ਬੈਂਕਿੰਗ ਤੇ ਵਾਹਨ ਸੈਕਟਰਾਂ 'ਚ ਸਭ ਤੋਂ ਵੱਧ ਗਿਰਾਵਟ ਰਹੀ। ਆਰਬੀਆਈ ਨੇ ਆਪਣੀ ਮੁਦਰਾ ਨੀਤੀ ਦੀ ਤਾਜ਼ਾ ਸਮੀਖਿਆ 'ਚ ਮੁੱਖ ਨੀਤੀਗਤ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕਰਨ ਦਾ ਫ਼ੈਸਲਾ ਕੀਤਾ। ਬਾਜ਼ਾਰ ਸਵੇਰੇ ਗਿਰਾਵਟ ਨਾਲ ਖੁੱਲਿ੍ਹਆ, ਪਰ ਆਰਬੀਆਈ ਦਾ ਫ਼ੈਸਲਾ ਆਉਣ ਦੇ ਬਾਅਦ ਇਸ 'ਚ ਹੋਰ ਗਿਰਾਵਟ ਦਰਜ ਕੀਤੀ ਗਈ।

ਐੱਚਡੀਐੱਫਸੀ ਸਿਕਿਓਰਿਟੀਜ਼ ਦੇ ਮੁਖੀ (ਪੀਸੀਜੀ ਐਂਡ ਕੈਪੀਟਲ ਮਾਰਕੀਟਸ ਗਰੁੱਪ) ਵੀਕੇ ਸ਼ਰਮਾ ਨੇ ਕਿਹਾ ਕਿ ਕਮਜ਼ੋਰ ਕੌਮਾਂਤਰੀ ਰੁਝਾਨਾਂ ਦੇ ਅਨੁਸਾਰ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਮਿਡਕੈਪ ਤੇ ਸਮਾਲਕੈਪ 'ਚ ਮੁੱਖ ਸੂਚਕਾਂਕ ਤੋਂ ਵੀ ਵੱਧ ਲੜੀਵਾਰ 1.5 ਫ਼ੀਸਦੀ ਤੇ 1.8 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਬਾਜ਼ਾਰ ਦੇ ਪ੍ਰਮੁੱਖ ਸੂਚਕਾਂਕਾਂ 'ਚ ਮੰਗਲਵਾਰ ਨੂੰ ਤਿੰਨ ਫ਼ੀਸਦੀ ਤੋਂ ਵੱਧ ਗਿਰਾਵਟ ਰਹੀ ਸੀ।

ਸੈਂਸੈਕਸ ਸਮੂਹ 'ਚ ਸਨ ਫਾਰਮਾ 'ਚ ਸਭ ਤੋਂ ਵੱਧ 6.59 ਫ਼ੀਸਦੀ ਗਿਰਾਵਟ ਰਹੀ। ਕੰਪਨੀ ਵਿਰੁੱਧ ਕਥਿਤ ਕਾਰਪੋਰੇਟ ਗਰਵਨੈਂਸ ਚੂਕ ਦਾ ਇਕ ਮਾਮਲਾ ਫਿਰ ਤੋਂ ਚਰਚਾ 'ਚ ਆ ਗਿਆ ਹੈ। ਸੈਂਸੈਕਸ 'ਚ ਤੇਜ਼ੀ ਦਰਜ ਕਰਨ ਵਾਲੇ ਸ਼ੇਅਰਾਂ 'ਚ ਹਿੰਦੁਸਤਾਨ ਯੂਨੀਲੀਵਰ 2.07 ਫ਼ੀਸਦੀ ਨਾਲ ਸਭ ਤੋਂ ਅੱਗੇ ਰਿਹਾ।

ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਕੋਰੀਆ ਦੇ ਕੋਸਪੀ 'ਚ 6.02 ਫ਼ੀਸਦੀ, ਜਾਪਾਨ ਦੇ ਨਿੱਕੇਈ 'ਚ 0.53 ਫ਼ੀਸਦੀ ਤੇ ਹਾਂਗਕਾਂਗ ਦੇ ਹੈਂਗਸੇਂਗ 'ਚ 1.62 ਫ਼ੀਸਦੀ ਗਿਰਾਵਟ ਰਹੀ, ਜਦਕਿ ਸ਼ੰਘਾਈ ਕੰਪੋਜਿਟ ਇੰਡੈਕਸ 'ਚ 0.61 ਫ਼ੀਸਦੀ ਤੇਜ਼ੀ ਦਰਜ ਕੀਤੀ ਗਈ। ਪ੍ਰਮੁੱਖ ਯੂਰਪੀ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਵੇਖੀ ਗਈ। ਜਰਮਨੀ ਦਾ ਡੀਏਐੱਕਸ 0.91 ਫ਼ੀਸਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਫਰਾਂਸ ਦਾ ਸੀਏਸੀ40 ਵੀ 0.97 ਫ਼ੀਸਦੀ ਤੇ ਲੰਡਨ ਦਾ ਐੱਫਟੀਐੱਸਈ 0.95 ਫ਼ੀਸਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ।

ਰੁਪਇਆ ਡਾਲਰ ਦੇ ਮੁਕਾਬਲੇ ਤਿੰਨ ਪੈਸੇ ਮਜ਼ਬੂਤ

ਮੁੰਬਈ : ਡਾਲਰ 'ਚ ਕਮਜ਼ੋਰੀ ਤੇ ਕੱਚੇ ਤੇਲ ਦੀ ਕੌਮਾਂਤਰੀ ਕੀਮਤ 'ਚ ਗਿਰਾਵਟ ਕਾਰਨ ਰੁਪਇਆ ਬੁੱਧਵਾਰ ਨੂੰ ਤਿੰਨ ਪੈਸੇ ਮਜ਼ਬੂਤ ਹੋ ਕੇ ਡਾਲਰ ਦੇ ਮੁਕਾਬਲੇ 70.46 'ਤੇ ਬੰਦ ਹੋਇਆ। ਫਾਰੈਕਸ ਕਾਰੋਬਾਰੀਆਂ ਨੇ ਕਿਹਾ ਕਿ ਬਰਾਮਦਕਾਰਾਂ ਤੇ ਬੈਂਕਾਂ ਵੱਲੋਂ ਡਾਲਰ ਦੀ ਬਿਕਵਾਲੀ ਕੀਤੇ ਜਾਣ ਨਾਲ ਰੁਪਏ 'ਚ ਮਜ਼ਬੂਤੀ ਨੂੰ ਉਤਸ਼ਾਹ ਮਿਲਿਆ।