ਨਵੀਂ ਦਿੱਲੀ (ਏਜੰਸੀ) : ਸਥਾਨਕ ਜਿਊਲਰਾਂ ਵਿਚਾਲੇ ਲਿਵਾਲੀ ਵਧਣ ਨਾਲ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ ਬੁੱਧਵਾਰ ਨੂੰ 100 ਰੁਪਏ ਮਜ਼ਬੂਤ ਹੋ ਕੇ 31,950 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜ ਗਿਆ। ਵਿਦੇਸ਼ੀ ਬਾਜ਼ਾਰਾਂ ਦੇ ਨਕਾਰਾਤਮਕ ਰੁਝਾਨਾਂ ਕਾਰਨ ਹਾਲਾਂਕਿ ਸੋਨੇ 'ਤੇ ਦਬਾਅ ਵੀ ਬਣਿਆ ਰਿਹਾ। ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਘਟਣ ਕਾਰਨ ਹਾਲਾਂਕਿ ਚਾਂਦੀ 'ਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ 140 ਰੁਪਏ ਕਮਜ਼ੋਰ ਹੋ ਕੇ 37,600 ਰੁਪਏ ਪ੍ਰਤੀ ਕਿੱਲੋ 'ਤੇ ਬੰਦ ਹੋਈ। ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਸਹਾਲਗ ਕਾਰਨ ਸਥਾਨਕ ਜਿਊਲਰਾਂ ਵਿਚਾਲੇ ਮੰਗ ਵਧਣ ਨਾਲ ਸੋਨੇ ਦੀ ਕੀਮਤ ਵਧੀ ਹੈ, ਹਾਲਾਂਕਿ ਵਿਦੇਸ਼ੀ ਬਾਜ਼ਾਰਾਂ ਦੇ ਨਕਾਰਾਤਮਕ ਰੁਝਾਨਾਂ ਨੇ ਕੀਮਤ ਨੂੰ ਜ਼ਿਆਦਾ ਨਹੀਂ ਵਧਣ ਦਿੱਤਾ। 99.9 ਤੇ 99.5 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ 100 ਰੁਪਏ ਹਰੇਕ ਵਧ ਕੇ ਲੜੀਵਾਰ 31,950 ਤੇ 31,800 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਦਾ ਭਾਅ ਵੀ 100 ਰੁਪਏ ਵੱਧ ਕੇ 24,800 ਰੁਪਏ ਹਰੇਕ 'ਤੇ ਪੁੱਜ ਗਿਆ।

ਕੌਮਾਂਤਰੀ ਬਾਜ਼ਾਰ 'ਚ ਨਿਊਯਾਰਕ 'ਚ ਸੋਨੇ ਦਾ ਭਾਅ ਘੱਟ ਕੇ 1235.02 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਅਤੇ ਚਾਂਦੀ ਦਾ ਭਾਅ ਡਿੱਗ ਕੇ 14.45 ਡਾਲਰ ਪ੍ਰਤੀ ਅੌਂਸ 'ਤੇ ਆ ਗਿਆ। ਚਾਂਦੀ ਹਾਜ਼ਰ 140 ਰੁਪਏ ਡਿੱਗ ਕੇ 37,600 ਰੁਪਏ ਪ੍ਰਤੀ ਕਿੱਲੋ 'ਤੇ ਅਤੇ ਚਾਂਦੀ ਹਫ਼ਤਾਵਾਰੀ ਡਿਲੀਵਰੀ 26 ਰੁਪਏ ਮਜ਼ਬੂਤ ਹੋ ਕੇ 36,394 ਰੁਪਏ ਪ੍ਰਤੀ ਕਿੱਲੋ 'ਤੇ ਦਰਜ ਕੀਤੀ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 1000 ਰੁਪਏ ਵੱਧ ਕੇ 73,000 ਰੁਪਏ ਖ਼ਰੀਦ ਤੇ 74,000 ਰੁਪਏ ਵਿਕਰੀ 'ਤੇ ਪੁੱਜ ਗਈ।