ਜਾਸ, ਬੇਤੀਆ (ਪੱਛਮੀ ਚੰਪਾਰਨ) : ਤਾਮਿਲਨਾਡੂ ’ਚ ਬਿਹਾਰ ਦੇ ਮਜ਼ਦੂਰਾਂ ’ਤੇ ਹਮਲੇ ਦਾ ਫਰਜ਼ੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਕਰਨ ਸਮੇਤ ਕਈ ਗੰਭੀਰ ਦੋਸ਼ਾਂ ਨੂੰ ਲੈ ਕੇ ਦਰਜ ਕੇਸ ’ਚ ਫਰਾਰ ਚੱਲ ਰਹੇ ਯੂਟਿਊਬਰ ਮਨੀਸ਼ ਕਸ਼ਯਪ ਨੇ ਸ਼ਨਿਚਰਵਾਰ ਦੀ ਸਵੇਰ ਕਰੀਬ ਨੌਂ ਵਜੇ ਪੱਛਮੀ ਚੰਪਾਰਨ ਦੇ ਜਗਦੀਸ਼ਪੁਰ ਥਾਣੇ ’ਚ ਆਤਮ-ਸਮਰਪਣ ਕਰ ਦਿੱਤਾ। ਆਰਥਿਕ ਅਪਰਾਧ ਇਕਾਈ (ਈਓਯੂ) ਦੀ ਟੀਮ ਉਸ ਨੂੰ ਸ਼ਾਮ ਨੂੰ ਪਟਨਾ ਲੈ ਕੇ ਚਲੀ ਗਈ ਹੈ, ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਦੀ ਸਵੇਰ ਨੂੰ ਮਨੀਸ਼ ਕਸ਼ਯਪ ਦੇ ਮਹਿਨਵਾ ਪਿੰਡ ਉਸਦੇ ਜੱਦੀ ਘਰ ਦੀ ਕੁਰਕੀ ਕੀਤੀ ਗਈ।

ਪੁਲਿਸ ਅਨੁਸਾਰ, ਸਟੇਟ ਬੈਂਕ ਦੇ ਮੈਨੇਜਰ ਨੂੰ ਧਮਕੀ ਦੇਣ ਤੇ ਸਰਕਾਰ ਕੰਮ ’ਚ ਵਿਘਨ ਪਾਉਣ ਦੇ ਮਾਮਲੇ ’ਚ ਉਹ ਫਰਾਰ ਸੀ, ਇਸ ਲਈ ਪੁਲਿਸ ਨੇ ਕੁਰਕੀ ਕੀਤੀ ਹੈ। ਸ਼ਨਿਚਰਵਾਰ ਨੂੰ ਸਵੇਰੇ ਕਰੀਬ ਛੇ ਵਜੇ ਫਰਾਰ ਮਨੀਸ਼ ਦੇ ਜੱਦੀ ਘਰ ਦੀ ਕੁਰਕੀ ਕਰਨ ਚੰਪਾਰਨ ਖੇਤਰ ਦੇ ਡੀਆਈਜੀ ਜਯੰਤਕਾਂਤ ਦੀ ਅਗਵਾਈ ’ਚ ਟੀਮ ਪੁੱਜੀ। ਕਰੀਬ ਢਾਈ ਘੰਟੇ ਤਕ ਕੁਰਕੀ ਦੀ ਕਾਰਵਾਈ ਚੱਲੀ। ਇਸ ਦੌਰਾਨ ਘਰ ਤੋਂ ਦੋ ਬਾਈਕ, ਬੈੱਡ, ਕੱਪੜਿਆਂ ਨਾਲ ਭਰਿਆ ਟਰੰਕ, ਭਾਂਡੇ, ਘਰ ਦੇ ਦਰਵਾਜ਼ੇ ਤੇ ਬਾਰੀਆਂ ਪੁੱਟ ਲਈਆਂ ਗਈਆਂ। ਇਸੇ ਦੌਰਾਨ ਮਨੀਸ਼ ਨੇ ਜਗਦੀਸ਼ਪੁਰ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ। ਉਸਨੇ ਕੁਰਕੀ ਰੁਕਵਾਉਣ ਦੀ ਅਪੀਲ ਕੀਤੀ। ਹਾਲਾਂਕਿ ਉਦੋਂ ਤਕ ਪੁਲਿਸ ਕੁਰਕ ਕੀਤੇ ਗਏ ਸਾਮਾਨ ਨੂੰ ਗੱਡੀ ਤੇ ਟਰੈਕਟਰ ’ਚ ਪਾ ਕੇ ਥਾਣੇ ਪੁੱਜ ਚੁੱਕੀ ਸੀ। ਉਸਦੇ ਸਰੈਂਡਰ ਦੀ ਸੂਚਨਾ ਮਿਲਦੇ ਹੀ ਡੀਆਈਜੀ ਤੇ ਐੱਸਪੀ ਜਗਦੀਸ਼ਪੁਰ ਥਾਣੇ ਪਹੁੰਚੇ।

ਐੱਸਪੀ ਨੇ ਦੱਸਿਆ ਕਿ ਮਝੌਲੀਆ ਥਾਣਾ ਖੇਤਰ ਦੇ ਪਾਰਸ ਪਕੜੀ ’ਚ ਸਥਿਤ ਸਟੇਟ ਬੈਂਕ ਦੀ ਸ਼ਾਖਾ ’ਚ ਸਾਲ 2021 ’ਚ ਤਤਕਾਲੀ ਸ਼ਾਖਾ ਪ੍ਰਬੰਧਕ ਪ੍ਰੇਮ ਕੁਮਾਰ ਭਾਸਕਰ ਨੂੰ ਦੋਸ਼ ਲਾ ਕੇ ਧਮਕੀ ਦੇਣ ਤੇ ਤਿੰਨ ਘੰਟੇ ਬੈਂਕ ਦਾ ਕੰਮ ਰੋਕਣ ਦਾ ਦੋਸ਼ੀ ਮਨੀਸ਼ ਫਰਾਰ ਸੀ। ਉਸਦੇ ਘਰ ’ਤੇ ਇਸ਼ਤਿਹਾਰ ਵੀ ਲਾ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਉਸਨੇ ਆਤਮ ਸਮਰਪਣ ਨਹੀਂ ਕੀਤਾ। ਅਜਿਹੇ ’ਚ ਅਦਾਲਤ ਦੇ ਹੁਕਮ ’ਤੇ ਪੁਲਿਸ ਨੇ ਕੁਰਕੀ ਕੀਤੀ। ਮਨੀਸ਼ ਨੂੰ ਪੁਲਿਸ ਨੇ ਇਸ ਮਾਮਲੇ ’ਚ ਰਿਮਾਂਡ ’ਤੇ ਲਵੇਗੀ।

ਬੇਤੀਆ ’ਚ ਸੱਤ ਮਾਮਲੇ ਦਰਜ, ਆਜ਼ਾਦ ਲੜੀ ਹੈ ਚੋਣ

ਮਨੀਸ਼ ਖਿਲਾਫ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਸੱਤ ਮਾਮਲੇ ਦਰਜ ਹਨ। ਹਾਲਾਂਕਿ ਬੈਂਕ ਮੈਨੇਜਰ ਨੂੰ ਧਮਕੀ ਨੂੰ ਛੱਡ ਕੇ ਸਾਰਿਆਂ ’ਚ ਜ਼ਮਾਨਤ ਮਿਲ ਚੁੱਕੀ ਹੈ। ਫਰਜ਼ੀ ਵੀਡੀਓ ਵਾਇਰਲ ਕਰਨ ’ਚ ਉਸ ਖ਼ਿਲਾਫ਼ ਤਾਮਿਲਨਾਡੂ ’ਚ ਵੀ ਮਾਮਲੇ ਦਰਜ ਹਨ। ਸਾਲ 2019 ’ਚ ਐੱਮਜੇਕੇ ਸਦਰ ਹਸਪਤਾਲ ਕੰਪਲੈਕਸ ’ਚ ਸਥਾਪਿਤ ਕਿੰਗ ਐਡਵਰਡ ਸਪਤਮ ਦੀ ਮੂਰਤੀ ਤੋੜਨ ਦੇ ਮਾਮਲੇ ’ਚ ਵੀ ਮਨੀਸ਼ ਨੂੰ ਗਿ੍ਰਫਤਾਰ ਕੀਤਾ ਗਿਆ ਸੀ। 2020 ’ਚ ਚਨਪਟੀਆ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਚੋਣ ਲੜੀ ਸੀ, ਜਿਸ ਵਿਚ ਉਸਨੂੰ 9239 ਵੋਟਾਂ ਮਿਲੀਆਂ ਸਨ।

'ਯੂਟਿਊਬਰ ਮਨੀਸ਼ ਕਸ਼ਯਪ ਨੂੰ ਪਟਨਾ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਦਾਲਤ ’ਚ ਪੇਸ਼ ਕਰ ਕੇ ਉਸਦੀ ਰਿਮਾਂਡ ਵੀ ਮੰਗੀ ਜਾਵੇਗੀ। ਫ਼ਰਜ਼ੀ ਵੀਡੀਓ ਸ਼ੇਅਰ ਕਰਨ ਵਾਲੇ ਹੋਰਨਾਂ ਦੀ ਭਾਲ ’ਚ ਵੀ ਈਓਯੂ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ।'

-ਨਈਅਰ ਹਸਨੈਨ ਖ਼ਾਨ, ਏਡੀਜੀ, ਈਓਯੂ

Posted By: Jagjit Singh