ਨੌਜਵਾਨ ਨੂੰ ਇਲਾਜ ਲਈ ਗਵਾਲੀਅਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਲੈ ਕੇ ਛੇ ਘੰਟੇ ਤਕ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਪੂਰੇ ਹਾਈਵੇਅ 'ਤੇ ਕਈ ਕਿਲੋਮੀਟਰ ਦਾ ਟ੍ਰੈਫਿਕ ਜਾਮ ਲੱਗ ਗਿਆ।

ਡਿਜੀਟਲ ਡੈਸਕ, ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਭਿੰਡ ਵਿਚ ਸੜਕ ਕਿਨਾਰੇ ਪਿਸ਼ਾਬ ਕਰਨ ਨੂੰ ਲੈ ਕੇ ਵਿਵਾਦ ਇੰਨਾ ਵਧ ਗਿਆ ਕਿ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਖ਼ੁਦ ਨੂੰ ਕੈਬਨਿਟ ਮੰਤਰੀ ਦਾ ਕੁੜਮ ਦੱਸਦੇ ਹੋਏ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਜਦੋਂ ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ 'ਚ ਹੰਗਾਮਾ ਮਚ ਗਿਆ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਲੈ ਕੇ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਕਾਰਨ ਭਿੰਡ-ਗਵਾਲੀਅਰ ਨੈਸ਼ਨਲ ਹਾਈਵੇਅ 719 'ਤੇ ਭਿਆਨਕ ਜਾਮ ਲੱਗ ਗਿਆ। ਇਸ ਮਾਰਗ 'ਤੇ ਲਗਪਗ 6 ਘੰਟੇ ਤਕ ਲੋਕਾਂ ਦੀ ਆਵਾਜਾਈ ਬੰਦ ਰਹੀ। ਘੰਟਿਆਂਬੱਧੀ ਜਾਮ 'ਚ ਫਸੇ ਰਹਿਣ ਕਾਰਨ ਕਈ ਲੋਕਾਂ ਦੀ ਤਬੀਅਤ ਖ਼ਰਾਬ ਹੋ ਗਈ ਤਾਂ ਕੁਝ ਲੋਕਾਂ ਦੀਆਂ ਰੇਲਗੱਡੀਆਂ ਵੀ ਮਿਸ ਹੋ ਗਈਆਂ।
ਮੁਲਜ਼ਮ ਦੀ ਪਛਾਣ ਜੇਪੀ ਕਾਂਕਰ ਵਜੋਂ ਹੋਈ ਹੈ ਜਿਨ੍ਹਾਂ ਨੇ ਖ਼ੁਦ ਨੂੰ ਕੈਬਨਿਟ ਮੰਤਰੀ ਰਾਕੇਸ਼ ਸ਼ੁਕਲਾ ਦਾ ਕੁੜਮ ਦੱਸਿਆ ਸੀ। ਉਸਦੇ ਦੋ ਸਹਿਯੋਗੀਆਂ ਸੁਨੀਰ ਕਾਂਕਰ ਤੇ ਦੀਪੂ ਬੌਹਰੇ ਦਾ ਨਾਂ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਜੇਪੀ ਕਾਂਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਸੁਨੀਰ ਕਾਂਕਰ ਤੇ ਦੀਪੂ ਬੌਹਰੇ ਅਜੇ ਵੀ ਫਰਾਰ ਹਨ।
ਪੁਲਿਸ ਅਨੁਸਾਰ, ਐਤਵਾਰ ਰਾਤ ਲਗਪਗ 9:15 ਵਜੇ ਮੁਲਜ਼ਮ ਸੜਕ ਦੇ ਕਿਨਾਰੇ ਪਿਸ਼ਾਬ ਕਰ ਰਹੇ ਸਨ। ਉੱਥੋਂ ਲੰਘ ਰਹੇ ਨੌਜਵਾਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਿਸ 'ਤੇ ਬਹਿਸਬਾਜ਼ੀ ਤੇ ਗਾਲੀ-ਗਲੋਚ ਹੋਣ ਲੱਗਾ। ਗੁੱਸੇ 'ਚ ਆ ਕੇ ਮੁਲਜ਼ਮ ਨੇ ਕੈਬਨਿਟ ਮੰਤਰੀ ਦਾ ਕੁੜਮ ਹੋਣ ਦੀ ਧੌਂਸ ਜਮਾਈ ਤੇ ਫਿਰ ਨੌਜਵਾਨ ਦੇ ਢਿੱਡ ਵਿਚ ਗੋਲ਼ੀ ਮਾਰ ਦਿੱਤੀ।
ਨੌਜਵਾਨ ਨੂੰ ਇਲਾਜ ਲਈ ਗਵਾਲੀਅਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਲੈ ਕੇ ਛੇ ਘੰਟੇ ਤਕ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਪੂਰੇ ਹਾਈਵੇਅ 'ਤੇ ਕਈ ਕਿਲੋਮੀਟਰ ਦਾ ਟ੍ਰੈਫਿਕ ਜਾਮ ਲੱਗ ਗਿਆ।
ਪਰਿਵਾਰਕ ਮੈਂਬਰਾਂ ਨੇ ਗੋਹਦ ਚੌਰਾਹਾ ਥਾਣਾ ਇੰਚਾਰਜ ਮਨੀਸ਼ ਧਾਕੜ 'ਤੇ ਦੇਰੀ ਨਾਲ ਐਫਆਈਆਰ (FIR) ਦਰਜ ਕਰਨ ਦਾ ਵੀ ਦੋਸ਼ ਲਗਾਇਆ ਹੈ। ਸਾਰੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ, ਪੁਲਿਸ ਸੁਨੀਲ ਕਾਂਕਰ ਤੇ ਦੀਪੂ ਬੌਹਰੇ ਦੀ ਵੀ ਭਾਲ ਕਰ ਰਹੀ ਹੈ।