ਝਾਬੂਆ (ਮੱਧ ਪ੍ਰਦੇਸ਼) : ਖ਼ਤਰਨਾਕ ਥਾਵਾਂ 'ਤੇ ਸੈਲਫੀ ਦਾ ਸ਼ੌਂਕ ਫਿਰ ਇਕ ਨਾਬਾਲਗ ਲਈ ਜਾਨਲੇਵਾ ਸਾਬਤ ਹੋਇਆ। ਉਹ ਮਾਲ ਗੱਡੀ ਦੇ ਡੱਬੇ 'ਤੇ ਚੜ੍ਹ ਕੇ ਸੈਲਫੀ ਲੈ ਰਿਹਾ ਸੀ, ਉਦੋਂ ਓਵਰਹੈੱਡ ਇਕਵਪਮੈਂਟ (ਓਐੱਚਈ) ਲਾਈਨ ਦੀ ਲਪੇਟ ਵਿਚ ਆ ਗਿਆ। ਜ਼ੋਰਦਾਰ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਹਾਦਸਾ ਸੋਮਵਾਰ ਦੁਪਹਿਰ ਦਿੱਲੀ-ਮੁੰਬਈ ਮੁੱਖ ਰੇਲ ਮਾਰਗ ਸਥਿਤ ਝਾਬੂਆ ਦੇ ਭੇਰੂਗੜ੍ਹ ਸਟੇਸ਼ਨ 'ਤੇ ਹੋਇਆ।

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਮੁਤਾਬਕ, ਪੰਕਜ ਪੁੱਤਰ ਗੋਵਰਧਨ ਸਿੰਗਾੜ (16) ਇਕ ਬਰਾਤ ਨਾਲ ਭੇਰੂਗੜ੍ਹ ਆਇਆ ਸੀ। ਵਿਆਹ ਵਾਲੇ ਸਥਾਨ ਤੋਂ ਉਹ ਸਟੇਸ਼ਨ ਵੱਲ ਟਹਿਲਣ ਲਈ ਨਿਕਲ ਗਿਆ। ਉਥੇ ਮਾਲ ਗੱਡੀ ਖੜ੍ਹੀ ਵੇਖ ਉਹ ਸੈਲਫੀ ਲੈਣ ਉੱਪਰ ਚੜ੍ਹ ਗਿਆ। ਉੱਪਰ ਤੋਂ ਜਾ ਰਹੀ ਓਐੱਚਈ ਲਾਈਨ ਦੀ ਲਪੇਟ ਵਿਚ ਆ ਗਿਆ ਅਤੇ ਉਸ ਦਾ ਸਰੀਰ ਸੜਨ ਲੱਗਾ। ਉਹ ਛੱਤ 'ਤੇ ਹੀ ਡਿੱਗ ਪਿਆ। ਹੇਠਾਂ ਉਤਾਰੇ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।