ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ ਏਐੱਨ-32 ਦੇ ਮਲਬੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ 'ਚ ਸੰਘਣੇ ਜੰਗਲਾਂ ਵਿਚਕਾਰ ਜਹਾਜ਼ ਦਾ ਮਲਬਾ ਪਿਆ ਦਿਖਾਈ ਦੇ ਰਿਹਾ ਹੈ। ਹਵਾਈ ਫ਼ੌਜ ਦੀ ਟੀਮ ਨੇ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਦੌਰਾਨ ਏਐੱਨ-32 ਦੇ ਟੁਕੜਿਆਂ ਨੂੰ ਅਰੁਣਾਚਲ ਪ੍ਰਦੇਸ਼ ਦੇ ਲਿਪੋ ਨਾਂ ਦੀ ਜਗ੍ਹਾ ਤੋਂ 16 ਕਿਲੋਮੀਟਰ ਉੱਤਰ 'ਚ ਦੇਖਿਆ ਹੈ। ਫ਼ਿਲਹਾਲ ਹਵਾਈ ਫ਼ੌਜ ਦੀ ਟੀਮ ਜਹਾਜ਼ ਦੇ ਮਲਬੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਮੱਦੇਨਜ਼ਰ ਏਅਰਫੋਰਸ ਨੇ ਹੁਣ ਸਰਚ ਆਪ੍ਰੇਸ਼ਨ ਦਾ ਦਾਇਰਾ ਵੀ ਵਧਾ ਦਿੱਤਾ ਹੈ।

ਉੱਥੇ ਭਾਰਤੀ ਫ਼ੌਜ ਦੇ ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕ੍ਰੈਸ਼ ਦੀ ਸਾਈਟ ਦਾ ਪਤਾ ਲੱਗਣ ਤੋਂ ਬਾਅਦ ਭਾਰਤੀ ਹਵਾਈ ਫ਼ੌਜ, ਮਿਲਟਰੀ ਅਤੇ ਪਰਬਤਾਰੋਹੀਆਂ ਦੀ ਇਕ ਟੀਮ ਨੂੰ ਇਸ ਜਗ੍ਹਾ ਨੇੜੇ ਏਅਰਲਿਫਟ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਸਰਕਾਰ ਵਲੋਂ ਉਸ ਇਲਾਕੇ ਦਾ ਨਕਸ਼ਾ ਜਾਰੀ ਕੀਤਾ ਗਿਆ ਹੈ ਜਿੱਥੇ AN-32 ਜਹਾਜ਼ ਦਾ ਮਲਬਾ ਮਿਲਿਆ ਹੈ। ਅਰੁਣਾਚਲ ਪ੍ਰਦੇਸ਼ ਸਰਕਾਰ ਵਲੋਂ ਜਾਰੀ ਨਕਸ਼ੇ 'ਚ AN-32 ਜਹਾਜ਼ ਦੇ ਕ੍ਰੈਸ਼-ਸਾਈਟ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।

ਹਵਾਈ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਮਲਬਾ ਦਿਖਾਈ ਦੇਣ ਤੋਂ ਬਾਅਦ ਹੀ ਫ਼ੌਜ ਨੇ ਮਲਬੇ ਵਾਲੀ ਜਗ੍ਹਾ ਚੀਤਾ ਅਤੇ ਐਡਵਾਂਸ ਲਾਈਟ ਹੈਲੀਕਾਪਟਰ ਨੂੰ ਉਤਾਰਨ ਦਾ ਯਤਨ ਕੀਤਾ ਪਰ ਸੰਘਣੇ ਪਹਾੜੀ ਜੰਗਲ ਹੋਣ ਕਰਕੇ ਹੈਲੀਕਾਪਟਰ ਨੂੰ ਉੱਥੇ ਨਹੀਂ ਉਤਾਰਿਆ ਜਾ ਸਕਿਆ। ਹਾਲਾਂਕਿ, ਮੰਗਲਵਾਰ ਦੇਰ ਸ਼ਾਮ ਤਕ ਹਵਾਈ ਫ਼ੌਜ ਨੇ ਇਕ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਸੀ।

Posted By: Seema Anand