ਜਾਗਰਣ ਬਿਊਰੋ, ਨਵੀਂ ਦਿੱਲੀ : ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਨਾਲ ਜਬਰ ਜਨਾਹ ਤੇ ਫਿਰ ਉਸ ਨੂੰ ਸਾੜ ਕੇ ਮਾਰ ਦੇਣ ਦੀ ਘਟਨਾ 'ਤੇ ਦੇਸ਼ ਭਰ 'ਚ ਪੈਦਾ ਹੋਏ ਰੋਹ ਦਰਮਿਆਨ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿਚ ਗੂੰਜਿਆ।

ਇਸ ਦੌਰਾਨ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਇਕ ਆਵਾਜ਼ 'ਚ ਹੈਦਰਾਬਾਦ ਦੀ ਘਟਨਾ ਨੂੰ ਦੁਖਦਾਈ ਦੱਸਦਿਆਂ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣ ਦੀ ਮੰਗ ਕੀਤੀ। ਸਰਕਾਰ ਨੇ ਵੀ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਮੈਂਬਰਾਂ ਦੀ ਮੰਗ ਦਾ ਸਮਰਥਨ ਕੀਤਾ ਤੇ ਕਿਹਾ ਕਿ ਜੇ ਸਦਨ 'ਚ ਸਖ਼ਤ ਕਾਨੂੰਨ ਬਣਾਉਣ ਬਾਰੇ ਸਹਿਮਤੀ ਬਣਦੀ ਹੈ ਤਾਂ ਸਰਕਾਰ ਤਿਆਰ ਹੈ।

ਸੰਸਦ ਦੇ ਦੋਵਾਂ ਸਦਨਾਂ 'ਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉੱਠਿਆ। ਮੈਂਬਰਾਂ ਵਿਚ ਇਸ ਘਟਨਾ ਕਾਰਨ ਕਾਫ਼ੀ ਗੁੱਸਾ ਸੀ। ਰਾਜ ਸਭਾ ਵਿਚ ਇਹ ਮੁੱਦਾ ਸਭ ਤੋਂ ਪਹਿਲਾਂ ਉੱਠਿਆ ਜਿੱਥੇ ਚਰਚਾ 'ਚ ਹਿੱਸਾ ਲੈਂਦਿਆਂ ਜਯਾ ਬੱਚਨ ਨੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਕੁੱਟ-ਕੁੱਟ ਕੇ ਮਾਰਨ ਲਈ ਲੋਕਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਰਾਜ ਸਭਾ ਵਿਚ ਵਿਜਿਲਾ ਸਤਿਆਨੰਦ ਨੇ ਕਿਹਾ ਕਿ ਦੇਸ਼ ਨੂੰ ਹੁਣ ਚੁੱਪ ਨਹੀਂ ਬੈਠਣਾ ਚਾਹੀਦਾ। ਜਬਰ ਜਨਾਹ ਦੇ ਸਾਰੇ ਦੋਸ਼ੀਆਂ ਨੂੰ 31 ਦਸੰਬਰ ਤਕ ਫਾਂਸੀ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਫਾਂਸੀ ਦੀ ਸਜ਼ਾ ਹੋਣ ਤੋਂ ਬਾਅਦ ਵੀ ਅਜੇ ਤਕ ਉਨ੍ਹਾਂ ਨੂੰ ਬਚਾਅ ਦੇ ਮੌਕੇ ਦਿੱਤੇ ਜਾ ਰਹੇ ਹਨ।

ਸੀਪੀਆਈ ਦੇ ਬਿਨੋਏ ਵਿਸਵਾਸ ਨੇ ਕਿਹਾ ਕਿ ਉਂਜ ਤਾਂ ਮੌਤ ਦੀ ਸਜ਼ਾ ਦਾ ਸਮਰਥਨ ਉਹ ਨਹੀਂ ਕਰਦੇ ਪਰ ਅਜਿਹੇ ਮਾਮਲੇ 'ਚ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਮਾੜੇ ਕੰਮ ਕਰਨ ਵਾਲਿਆਂ ਵਿਚ ਡਰ ਪੈਦਾ ਹੋਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਐੱਮਪੀ ਸੰਜੇ ਸਿੰਘ ਨੇ ਚਰਚਾ ਵਿਚ ਹਿੱਸਾ ਲੈਂਦਿਆਂ ਦਿੱਲੀ ਜਬਰ ਜਨਾਹ ਕਾਂਡ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਦੇ ਨਾਂ 'ਤੇ ਕਾਫ਼ੀ ਸਖ਼ਤ ਕਦਮ ਚੁੱਕੇ ਗਏ ਸਨ ਪਰ ਉਨ੍ਹਾਂ 'ਤੇ ਅਮਲ ਠੀਕ ਢੰਗ ਨਾਲ ਨਹੀਂ ਹੋ ਰਿਹਾ। ਉਨ੍ਹਾਂ ਸਾਰਿਆਂ ਜਨਤਕ ਸਥਾਵਾਂ ਤੇ ਹਾਈਵੇਅ ਨੂੰ ਸੀਸੀਟੀਵੀ ਤੇ ਲਾਈਟਾਂ ਨਾਲ ਲੈਸ ਕਰਨ ਦੀ ਮੰਗ ਕੀਤੀ।

ਲੋਕ ਸਭਾ ਵਿਚ ਸਿਫ਼ਰ ਕਾਲ ਦੌਰਾਨ ਮੈਂਬਰਾਂ ਵਿਚ ਹੈਦਰਾਬਾਦ ਦੀ ਘਟਨਾ ਦਾ ਮੁੱਦਾ ਉੱਠਿਆ।

ਨਾਲ ਹੀ ਸਰਕਾਰ ਤੋਂ ਸਖ਼ਤ ਕਾਨੂੰਨ ਬਣਾਉਮ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਗ਼ੈਰਮਨੁੱਖੀ ਕਾਰਾ ਕੁਝ ਹੋ ਹੀ ਨਹੀਂ ਸਕਦਾ। ਸਾਰੇ ਸ਼ਰਮਸਾਰ ਹਨ ਤੇ ਦੁਖੀ ਹਨ। ਇਸ ਦੌਰਾਨ ਦੋਵਾਂ ਸਦਨਾਂ 'ਚ ਚਰਚਾ ਵਿਚ ਭਾਜਪਾ, ਸਮਾਜਵਾਦੀ ਪਾਰਟੀ, ਤਿ੍ਣਮੂਲ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਦੇ ਕਈ ਮੈਂਬਰਾਂ ਨੇ ਹਿੱਸਾ ਲਿਆ।