ਸਟੇਟ ਬਿਊਰੋ, ਕੋਲਕਾਤਾ : ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਜ਼ਬਰਦਸਤ ਜਿੱਤ 'ਤੇ ਕਿਹਾ ਕਿ ਔਰਤਾਂ ਨੇ ਮਮਤਾ ਬੈਨਰਜੀ 'ਤੇ ਭਰੋਸਾ ਪ੍ਰਗਟਾਇਆ ਤੇ ਮੁਸਲਿਮ ਵੋਟਰਾਂ ਨੇ ਉਨ੍ਹਾਂ ਨੂੰ ਆਪਣਾ ਰੱਖਿਅਕ ਮੰਨਿਆ। 'ਜਾਗਰਣ' ਨਾਲ ਗੱਲ ਕਰਦਿਆਂ ਅਧੀਰ ਨੇ ਅੱਗੇ ਕਿਹਾ ਕਿ ਤਿ੍ਣਮੂਲ ਮੁੜ ਤੋਂ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਤੇ ਭਾਜਪਾ 'ਚ ਸੱਤਾ 'ਤੇ ਕਾਬਜ਼ ਹੋਣ ਲਈ ਲਾਲਸਾ ਸੀ। ਸਾਡੀ ਲੜਾਈ ਹੋਂਦ ਬਚਾਉਣ ਦੀ ਸੀ। ਭਾਜਪਾ ਨੇ ਸਿਆਸੀ ਵਾਤਾਵਰਨ ਨੂੰ ਫਿਰਕਾਪ੍ਰਸਤ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਸੀ ਪਰ ਉਹ ਅਸਫਲ ਰਹੀ।

ਉਨ੍ਹਾਂ ਨੇ ਕਿਹਾ ਕਿ ਮੁਰਸ਼ੀਦਾਬਾਦ ਤੇ ਮਾਲਦਾ ਵਰਗੇ ਮੁਸਲਿਮ ਬਹੁਤਾਤ ਜ਼ਿਲਿ੍ਹਆਂ 'ਚ ਵੋਟਾਂ ਦਾ ਧਰੁਵੀਕਰਨ ਹੋਇਆ। ਸ਼ੀਤਲਕੂਚੀ ਦੀ ਘਟਨਾ ਨੇ ਇਸ ਨੂੰ ਹੋਰ ਮਜ਼ਬੂਤੀ ਦਿੱਤੀ, ਜਿਸ 'ਚ ਚਾਰ ਮੁਸਲਿਮ ਨੌਜਵਾਨਾਂ ਦੀ ਮੌਤ ਹੋ ਗਈ ਸੀ। ਮਮਤਾ ਉਸ ਘਟਨਾ ਦਾ ਫਾਇਦਾ ਉਠਾਉਣ 'ਚ ਸਫਲ ਰਹੀ। ਮੁਸਲਿਮ ਵੋਟਰ ਇਸ ਗੱਲ 'ਤੇ ਸਹਿਮਤ ਹੋ ਗਏ ਸਨ ਕਿ ਬੰਗਾਲ 'ਚ ਜੇ ਉੱਤਰ ਪ੍ਰਦੇਸ਼ ਵਰਗਾ ਦੁਹਰਾਅ ਰੋਕਣਾ ਹੈ ਤਾਂ ਮਮਤਾ ਹੀ ਰੱਖਿਅਕ ਸਾਬਤ ਹੋ ਸਕਦੀ ਹੈ, ਇਸ ਲਈ ਉਨ੍ਹਾਂ ਦੇ ਹੱਕ 'ਚ ਵੋਟਾਂ ਪਾਈਆਂ। ਇਸੇ ਤਰ੍ਹਾਂ ਅੌਰਤਾਂ ਨੇ ਵੀ ਮਮਤਾ 'ਚ ਭਰੋਸਾ ਪ੍ਰਗਟਾਇਆ। ਕਾਂਗਰਸ ਨੂੰ ਮੂਲ ਰੂਪ ਨਾਲ ਮੁਸਲਮਾਨਾਂ ਦੀ ਵੋਟ ਮਿਲਦੀ ਆਈ ਹੈ ਪਰ ਇਸ ਵਾਰ ਉਨ੍ਹਾਂ ਦੀਆਂ ਪੂਰੀਆਂ ਵੋਟਾਂ ਟੀਐੱਮਸੀ ਨੂੰ ਗਈਆਂ ਤੇ ਹਿੰਦੂ ਵੋਟਰਾਂ ਨੇ ਭਾਜਪਾ ਦੇ ਹੱਕ 'ਚ ਵੋਟ ਪਾਈਆਂ, ਇਸ ਲਈ ਸਾਡੇ ਲਈ ਕੁਝ ਵੀ ਨਹੀਂ ਬਚਿਆ। ਚੋਣ ਪ੍ਰਚਾਰ 'ਚ ਕਾਂਗਰਸ ਹਾਈ ਕਮਾਨ ਦਾ ਅਵੇਸਲੇਪਨ 'ਤੇ ਅਧੀਰ ਨੇ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੰਗਾਲ ਆ ਕੇ ਰੈਲੀਆਂ ਕੀਤੀਆਂ ਪਰ ਉਸ ਤੋਂ ਬਾਅਦ ਕੋਰੋਨਾ ਕਾਰਨ ਉਪਜੇ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਨੇ ਆਪਣੀਆਂ ਬਾਕੀ ਰੈਲੀਆਂ ਟਾਲ਼ ਦਿੱਤੀਆਂ। ਇਸ ਨਾਲ ਸਾਡੇ ਵਰਕਰਾਂ ਨੂੰ ਥੋੜ੍ਹੀ ਨਿਰਾਸ਼ਾ ਹੋਈ ਸੀ। ਖੱਬੇਪੱਖੀ ਤੇ ਆਈਐੱਸਐੱਫ ਨਾਲ ਗੱਠਜੋੜ ਦੀ ਅਸਫਲਤਾ 'ਤੇ ਅਧੀਰ ਨੇ ਕਿਹਾ ਕਿ ਅਸੀਂ ਜਨਤਾ ਦੇ ਸਾਹਮਣੇ ਆਪਣਾ ਵਿਜ਼ਨ ਪੇਸ਼ ਕਰਨ 'ਚ ਅਸਫਲ ਰਹੇ।