ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੇ ਆਦਰਸ਼ ਨਗਰ ਇਲਾਕੇ 'ਚ ਝਪਟਮਾਰੀ ਦਾ ਵਿਰੋਧ ਕਰਨ 'ਤੇ ਬਦਮਾਸ਼ ਨੇ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਦੇ ਸਮੇਂ ਉਹ ਆਪਣੀ ਦੋ ਸਾਲ ਦੀ ਬੇਟੀ ਤੇ ਮਾਂ ਨਾਲ ਬਾਜ਼ਾਰ ਤੋਂ ਖ਼ਰੀਦਦਾਰੀ ਕਰ ਕੇ ਵਾਪਸ ਘਰ ਪਰਤ ਰਹੀ ਸੀ। ਵਾਰਦਾਤ ਤੋਂ ਬਾਅਦ ਬਦਮਾਸ਼ ਆਪਣੇ ਸਾਥੀ ਨਾਲ ਬਾਈਕ 'ਤੇ ਫ਼ਰਾਰ ਹੋ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਅਕੀਬੁਲ ਤੇ ਸ਼ੇਖ ਫਰਦੀ ਨੂੰ ਕਾਬੂ ਕਰ ਲਿਆ ਤੇ ਵਾਰਦਾਤ 'ਚ ਵਰਤੀ ਗਈ ਸਕੂਟੀ ਵੀ ਬਰਾਮਦ ਕਰ ਲਈ।ਜਾਣਕਾਰੀ ਮੁਤਾਬਕ ਦਲੇਰ ਸਿੰਘ ਆਦਰਸ਼ ਨਗਰ ਦੇ ਗੁਰੂ ਨਾਨਕ ਰੋਡ ਸਥਿਤ ਈ-ਬਲਾਕ 'ਚ ਪਰਿਵਾਰ ਨਾਲ ਰਹਿੰਦੇ ਹਨ। ਉਹ ਫੋਟੋ ਸਟੂਡੀਓ ਚਲਾਉਂਦੇ ਹਨ। ਦਲੇਰ ਦੇ ਬੇਟੇ ਮਨਪ੍ਰਰੀਤ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਪੂਜਾ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਆਪਣੇ ਪੇਕੇ ਆਈ ਸੀ। ਪੰਜਾਬ ਦੇ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਸਥਿਤ ਆਪਣੇ ਸਹੁਰਿਆਂ ਤੋਂ ਛੋਟੀ ਭੈਣ ਸਿਮਰਨ ਵੀ ਵੱਡੀ ਭੈਣ ਤੇ ਮਾਤਾ-ਪਿਤਾ ਨੂੰ ਮਿਲਣ ਲਈ 20 ਫਰਵਰੀ ਨੂੰ ਪੁੱਜੀ ਸੀ।

ਉਸ ਦੀ ਭੈਣ ਸਿਮਰਨ ਆਪਣੀ ਦੋ ਸਾਲ ਦੀ ਬੇਟੀ ਹਰਲੀਨ ਤੇ ਮਾਂ ਮਮਤਾ ਨਾਲ ਸ਼ਨਿਚਰਵਾਰ ਰਾਤ ਲਗਪਗ ਸਾਢੇ ਅੱਠ ਵਜੇ ਘਰੋਂ ਕੁਝ ਹੀ ਦੂਰੀ 'ਤੇ ਲੱਗਣ ਵਾਲੇ ਹਫ਼ਤਾਵਾਰੀ ਬਾਜ਼ਾਰ ਗਈਆਂ ਸਨ। ਖਰੀਦਦਾਰੀ ਕਰਨ ਤੋਂ ਬਾਅਦ ਸਿਮਰਨ ਆਪਣੇ ਬੇਟੀ ਨੂੰ ਗੋਦ 'ਚ ਲੈਕੇ ਮਾਂ ਨਾਲ ਪੈਦਲ ਹੀ ਵਾਪਸ ਆ ਰਹੀਆਂ ਸਨ। ਰਾਤ ਸਾਢੇ ਨੌਂ ਵਜੇ ਉਹ ਆਪਣੇ ਗਲੀ 'ਚ ਆ ਕੇ ਘਰ ਵੱਲ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਪਿੱਛੇ ਇਕ ਬਦਮਾਸ਼ ਆਇਆ ਤੇ ਸਿਮਰਨ ਦੇ ਗਲ਼ੇ ਤੋਂ ਚੇਨ ਝਪਟ ਕੇ ਭੱਜਣ ਲੱਗਾ। ਮਾਂ-ਬੇਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਡਿੱਗ ਗਿਆ।

ਇਸ ਦੌਰਾਨ ਸਿਮਰਨ ਦੀ ਗੋਦ 'ਚੋਂ ਬੇਟੀ ਡਿੱਗ ਗਈ। ਬੱਚੀ ਨੂੰ ਛੱਡ ਕੇ ਸਿਮਰਨ ਨੇ ਬਦਮਾਸ਼ ਨੂੰ ਫੜ ਲਿਆ ਪਰ ਉਸ ਨੇ ਉਨ੍ਹਾਂ ਦੀ ਛਾਤੀ 'ਤੇ ਦੋ ਵਾਰ ਕੀਤੇ ਤੇ ਭੱਜ ਗਿਆ। ਜਦੋਂ ਤਕ ਗਲੀ ਦੇ ਦੂਸਰੇ ਪਾਸੇ ਮੌਜੂਦ ਨਿੱਜੀ ਸੁਰੱਖਿਆ ਗਾਰਡ ਦੌੜ ਕੇ ਆਇਆ ਪਰ ਬਦਮਾਸ਼ ਗਲੀ ਦੇ ਮੇਨ ਰੋਡ 'ਤੇ ਪਹਿਲਾਂ ਤੋਂ ਸਕੂਟੀ 'ਤੇ ਸਵਾਰ ਆਪਣੇ ਸਾਥੀ ਨਾਲ ਭੱਜ ਗਿਆ। ਪੂਰੀ ਵਾਰਦਾਤ ਨੂੰ ਸਿਰਫ ਪੰਜ ਸਕਿੰਟਾਂ ਦੇ ਅੰਦਰ ਅੰਜਾਮ ਦਿੱਤਾ ਗਿਆ। ਜ਼ਖ਼ਮੀ ਸਿਮਰਨ ਨੂੰ ਸ਼ਾਲੀਮਾਰ ਬਾਗ਼ ਸਥਿਤ ਫੋਰਟਿਸ ਹਸਪਤਾਲ ਲਿਆਂਦਾ ਗਿਆ ਜਿੱਥੇ ਕੁਝ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

Posted By: Sunil Thapa