ਦੇਹਰਾਦੂਨ (ਪੀਟੀਆਈ) : ਪੰਜਾਬ ਦੀ ਇਕ ਟੀਵੀ ਅਦਾਕਾਰਾ ਅਨੀਤਾ ਸਿੰਘ (29) ਦੀ ਉਸ ਦੇ ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਆਪਣੇ ਸਾਥੀ ਨਾਲ ਮਿਲ ਕੇ ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ 'ਚ ਹੱਤਿਆ ਕਰ ਦਿੱਤੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੈਨੀਤਾਲ ਦੀ ਐੱਸਐੱਸਪੀ ਐੱਸ ਕੇ ਮੀਨਾ ਨੇ ਦੱਸਿਆ ਕਿ ਪਤੀ ਰਵਿੰਦਰਪਾਲ ਸਿੰਘ ਨੂੰ ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਇਸ ਲਈ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਹੱਤਿਆ ਦੀ ਸਾਜ਼ਿਸ਼ ਘੜੀ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਵਾਸੀ ਸਿੰਘ ਆਪਣੀ ਪਤਨੀ ਅਨੀਤਾ ਸਿੰਘ ਨੂੰ ਬਾਲੀਵੁੱਡ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਕਾਲਾਧੁੰਗੀ ਲਿਆਇਆ। ਉਸ ਨੇ ਕਿਹਾ ਕਿ ਉਸ ਦੇ ਦੋਸਤ ਕੁਲਦੀਪ ਦੀ ਫਿਲਮ ਇੰਡਸਟਰੀ ਵਿਚ ਵਾਕਫ਼ੀਅਤ ਹੈ ਤੇ ਉਹ ਉਸ ਨੂੰ ਕੰਮ ਦਿਵਾ ਦੇਵੇਗਾ।

ਕਾਲਾਧੁੰਗੀ ਪੁੱਜਣ 'ਤੇ ਕੁਲਦੀਪ ਵੀ ਦਿੱਲੀ ਤੋਂ ਉਨ੍ਹਾਂ ਨਾਲ ਆ ਰਲਿਆ। ਕੁਲਦੀਪ ਉਨ੍ਹਾਂ ਨੂੰ ਇਕ ਰੈਸਤਰਾਂ ਵਿਚ ਲੈ ਕੇ ਗਿਆ ਜਿੱਥੇ ਉਨ੍ਹਾਂ ਨੇ ਅਨੀਤਾ ਨੂੰ ਪੀਣ ਵਾਲੇ ਦਿੱਤੇ ਡਿ੍ੰਕ 'ਚ ਕੁਝ ਮਿਲਾ ਦਿੱਤਾ ਤਾਂਕਿ ਉਹ ਬੇਹੋਸ਼ ਹੋ ਜਾਵੇ। ਜਿਵੇਂ ਹੀ ਉਹ ਬੇਹੋਸ਼ ਹੋਣ ਲੱਗੀ ਤਾਂ ਉਨ੍ਹਾਂ ਨੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਤੇ ਪਛਾਣ ਲੁਕੋਣ ਲਈ ਉਸ ਦਾ ਸਰੀਰ ਸਾੜ ਦਿੱਤਾ। ਕਾਲਾਧੁੰਗੀ ਨੂੰ ਜਾਂਦੇ ਰਸਤੇ ਵਿਚਲੇ ਸੀਸੀਟੀਵੀ ਕੈਮਰਾ ਫੁਟੇਜ ਦੇ ਆਧਾਰ 'ਤੇ ਪੁਲਿਸ ਦੋਸ਼ੀਆਂ ਤਕ ਪੁੱਜੀ ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਪੁਲਿਸ ਨੂੰ ਫੁਟੇਜ 'ਚ ਇਕ ਕਾਰ ਨਜ਼ਰ ਆਈ ਸੀ ਜਿਸ ਦਾ ਨੰਬਰ ਦੇਖ ਕੇ ਹਲਦਵਾਨੀ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਦਿੱਲੀ ਦੇ ਇਕ ਰਿਸ਼ਤੇਦਾਰ ਕੁਲਦੀਪ ਨੂੰ ਮਕਾਨ ਕਿਰਾਏ 'ਤੇ ਦਿੱਤਾ ਸੀ। ਪੁੱਛਗਿੱਛ ਦੌਰਾਨ ਕੁਲਦੀਪ ਨੇ ਜੁਰਮ ਕਬੂਲ ਕਰ ਲਿਆ ਤੇ ਦੱਸਿਆ ਕਿ ਸੜੀ ਹੋਈ ਮਿਲੀ ਲਾਸ਼ ਅਨੀਤਾ ਸਿੰਘ ਦੀ ਹੈ ਜਿਸ ਦਾ ਪਤੀ ਉਸ 'ਤੇ ਨਾਜਾਇਜ਼ ਸਬੰਧਾਂ ਕਾਰਨ ਸ਼ੱਕ ਕਰਦਾ ਸੀ।