ਸਟੇਟ ਬਿਊਰੋ, ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਨਰਗਠਨ ਪਿੱਛੋਂ ਵੱਖਵਾਦੀਆਂ ਅਤੇ ਅੱਤਵਾਦੀਆਂ ਵੱਲੋਂ ਕਰਵਾਏ ਬੰਦ ਅਤੇ ਧਮਕੀਆਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ।

ਇਸ ਲਈ ਪ੍ਰਸ਼ਾਸਨ ਕਸ਼ਮੀਰ ਵਿਚ ਸਰਦੀਆਂ ਵਿਚ ਵੀ ਸਾਰੇ ਸਰਕਾਰੀ ਸਕੂਲਾਂ ਵਿਚ ਵਿੰਟਰ ਕੋਚਿੰਗ ਕਲਾਸਾਂ ਸ਼ੁਰੂ ਕਰੇਗਾ। ਇਨ੍ਹਾਂ ਵਿਚ ਪੰਜਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਏਗੀ। ਇਸ ਵਿਵਸਥਾ ਵਿਚ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਉਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।

ਰਾਜ ਸਕੂਲ ਸਿੱਖਿਆ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਵਿਚ ਪੰਜਵੀਂ ਤੋਂ ਅੱਠਵੀਂ ਜਮਾਤ ਲਈ ਜ਼ੋਨ ਆਧਾਰ 'ਤੇ ਅਤੇ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਲੱਸਟਰ ਮੁਤਾਬਿਕ ਇਹ ਵਿੰਟਰ ਕੋਚਿੰਗ ਕਲਾਸ਼ਾਂ ਲਗਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਇਸ ਸਾਲ ਅਗਸਤ ਪਿੱਛੋਂ ਬਣੇ ਹਾਲਾਤ ਕਾਰਨ ਲਿਆ ਗਿਆ ਹੈ। ਅੱਤਵਾਦੀ ਧਮਕੀਆਂ ਕਾਰਨ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਦੂਰ ਰੱਖਿਆ ਅਤੇ ਉਨ੍ਹਾਂ ਨੂੰ ਸਿਰਫ਼ ਪ੍ਰੀਖਿਆ ਵਿਚ ਹਿੱਸਾ ਲੈਣ ਲਈ ਹੀ ਭੇਜਿਆ। ਇਸ ਸਮੇਂ ਵੀ ਵਾਦੀ ਵਿਚ ਜ਼ਿਆਦਾਤਰ ਸਕੂਲਾਂ ਵਿਚ ਵਿਦਿਆਰਥੀ ਬਿਨਾਂ ਵਰਦੀ ਆ ਰਹੇ ਹਨ।

ਵਾਦੀ ਵਿਚ ਇਸ ਸਮੇਂ 90 ਐਜੂਕੇਸ਼ਨਲ ਜ਼ੋਨ ਹਨ। ਪਹਿਲੇ ਕਸ਼ਮੀਰ ਵਿਚ 103 ਜ਼ੋਨ ਸਨ ਪ੍ਰੰਤੂ ਜੰਮੂ-ਕਸ਼ਮੀਰ ਦੇ ਦੋ ਕੇਂਦਰ ਸ਼ਾਸਿਤ ਰਾਜਾਂ ਵਿਚ ਪੁਨਰਗਠਨ ਹੋਣ ਪਿੱਛੋਂ ਕਸ਼ਮੀਰ ਦੇ 13 ਜ਼ੋਨ ਕੇਂਦਰ ਸ਼ਾਸਿਤ ਲੱਦਾਖ ਵਿਚ ਚਲੇ ਗਏ ਹਨ।

ਸਕੂਲ ਸਿੱਖਿਆ ਡਾਇਰੈਕਟਰ ਕਸ਼ਮੀਰ ਮੁਹੰਮਦ ਯੂਨਸ ਮਲਿਕ ਨੇ ਕਿਹਾ ਕਿ ਹਾਲਾਂਕਿ ਸਾਲਾਨਾ ਪ੍ਰੀਖਿਆਵਾਂ ਹੋ ਚੁੱਕੀਆਂ ਹਨ ਪ੍ਰੰਤੂ ਸਿਲੇਬਸ ਵਿਚੋਂ ਕਈ ਚੀਜ਼ਾਂ ਰਹਿ ਗਈਆਂ ਹਨ ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਅੱਗੇ ਜਾ ਕੇ ਨੁਕਸਾਨ ਹੋ ਸਕਦਾ ਹੈ। ਇਸ ਲਈ ਅਸੀਂ ਵਿੰਟਰ ਕੋਚਿੰਗ ਕਲਾਸਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਪੰਜਵੀਂ ਤੋਂ ਅੱਠਵੀਂ ਜਮਾਤ ਲਈ ਹਰੇਕ ਜ਼ੋਨ ਵਿਚ 10 ਵਿੰਟਰ ਕੋਚਿੰਗ ਕਲਾਸਾਂ ਬਣਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹਰੇਕ ਜ਼ੋਨ ਵਿਚ ਇਕ ਕਲੱਸਟਰ ਸਕੂਲ ਜਾਂ ਟਿਊਟੋਰੀਅਲ ਬਣਾਏ ਜਾਣਗੇ ਜਿਸ ਵਿਚ ਨੌਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਏਗਾ। ਇਹ ਕਲੱਸਟਰ ਸਕੂਲ ਇਕ ਹਾਇਰ ਸੈਕੰਡਰੀ ਸਕੂਲ ਹੀ ਹੋਵੇਗਾ ਅਤੇ ਹਰੇਕ ਕਲੱਸਟਰ ਵਿਚ 10 ਤੋਂ 20 ਸਕੂਲ ਸ਼ਾਮਲ ਹੋਣਗੇ।

ਸਮਾਂ ਸਾਰਣੀ ਜਲਦੀ ਹੋਵੇਗੀ ਜਾਰੀ

ਮਲਿਕ ਨੇ ਦੱਸਿਆ ਕਿ ਵਿੰਟਰ ਕੋਚਿੰਗ ਕਲਾਸਾਂ ਦੀ ਸਮਾਂ ਸਾਰਣੀ ਦਾ ਐਲਾਨ ਜਲਦੀ ਹੀ ਕੀਤਾ ਜਾਏਗਾ। ਸਰਦੀ ਵਿਚ ਸਾਰੇ ਸਕੂਲਾਂ ਵਿਚ ਛੁੱਟੀ ਹੋਵੇਗੀ ਤਾਂ ਇਹ ਕੋਚਿੰਗ ਕਲਾਸਾਂ ਚਲਾਈਆਂ ਜਾਣਗੀਆਂ।

ਠੰਢ ਵਿਚ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਸ ਲਈ ਹਰੇਕ ਵਿੰਟਰ ਕੋਚਿੰਗ ਕਲਾਸ ਵਿਚ ਰੋਸ਼ਨੀ ਅਤੇ ਗਰਮੀ ਦਾ ਪੂਰਾ ਪ੍ਰਬੰਧ ਹੋਵੇਗਾ। ਇਸ ਦੇ ਇਲਾਵਾ ਸਾਰੇ ਵਿਸ਼ਿਆਂ ਵਿਚ ਮਾਹਿਰ ਸਮਝੇ ਜਾਣ ਵਾਲੇ ਯੋਗ ਅਧਿਆਪਕਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।