ਬੈਂਗਲੁਰੂ (ਏਜੰਸੀ) : ਕਰਨਾਟਕ 'ਚ ਸੰਭਾਵਿਤ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਰਹੱਸ ਬਰਕਰਾਰ ਹੈ। ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕਿਹਾ ਕਿ ਉਹ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ, ਇਹ ਸੋਮਵਾਰ ਨੂੰ ਪਤਾ ਲੱਗ ਜਾਵੇਗਾ ਪਰ ਭਾਜਪਾ ਲਈ ਹਾਲੇ ਅਗਲੇ 10 ਤੋਂ 15 ਸਾਲਾਂ ਤਕ ਕੰਮ ਕਰਦੇ ਰਹਿਣਗੇ। ਉਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਰਾਜ ਵਿਚ ਲੀਡਰਸ਼ਿਪ ਨੂੰ ਲੈ ਕੇ ਜਾਰੀ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਯੇਦੀਯੁਰੱਪਾ ਬਹੁਤ ਵਧੀਆ ਕੰਮ ਕਰ ਰਹੇ ਹਨ। ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਇਹ ਸੰਦੇਸ਼ ਨਹੀਂ ਮਿਲਿਆ ਹੈ ਕਿ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣਗੇ ਜਾਂ ਅਸਤੀਫਾ ਦੇਣਾ ਹੈ। ਉਨ੍ਹਾਂ ਸੋਮਵਾਰ ਸਵੇਰ ਤਕ ਕੋਈ ਨਾ ਕੋਈ ਸੰਦੇਸ਼ ਮਿਲ ਜਾਣ ਦਾ ਵਿਸ਼ਵਾਸ ਪ੍ਰਗਟ ਕੀਤਾ। ਯੇਦੀਯੁਰੱਪਾ ਨੇ ਕਿਹਾ ਕਿ ਜੇ ਪਾਰਟੀ ਚਾਹੁੰਦੀ ਤਾਂ ਉਹ ਦੋ ਮਹੀਨੇ ਪਹਿਲਾਂ ਹੀ ਅਹੁਦਾ ਛੱਡ ਚੁੱਕੇ ਹੁੰਦੇ। ਉਨ੍ਹਾਂ ਕਿਹਾ ਕਿ ਜੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚਾਹੇਗੀ ਤਾਂ ਹੀ ਉਹ ਅਹੁਦੇ 'ਤੇ ਬਣੇ ਰਹਿਣਗੇ, ਨਹੀਂ ਤਾਂ ਅਹੁਦਾ ਛੱਡ ਦੇਣਗੇ। ਉਨ੍ਹਾਂ ਕਿਹਾ, 'ਮੈਂ ਅਗਲੇ 10-15 ਸਾਲਾਂ ਤਕ ਪਾਰਟੀ ਲਈ ਦਿਨ-ਰਾਤ ਕੰਮ ਕਰਦਾ ਰਹਾਂਗਾ। ਇਸ ਵਿਚ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੈ।'