ਕੋਰੋਨਾ ਦੀ ਦੂਸਰੀ ਲਹਿਰ ਪੂਰੀ ਤਰ੍ਹਾਂ ਬੇਲਗਾਮ ਹੋ ਚੁੱਕੀ ਹੈ। ਵਾਇਰਸ ਨੇ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੀਤੇ 24 ਘੰਟਿਆਂ 'ਚ 2.60 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ 12 ਸੂਬਿਆਂ ਦੀ ਹਾਲਤ ਕਾਫੀ ਖ਼ਰਾਬ ਹੈ। ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਸੂਬਾ ਹੈ। ਸੂਬੇ 'ਚ ਇਕ ਦਿਨ ਵਿਚ 60 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਉੱਥੇ ਹੀ ਦੂਸਰੇ ਨੰਬਰ 'ਤੇ ਉੱਤਰ ਪ੍ਰਦੇਸ਼ ਹੈ ਜਿੱਥੇ 27 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ ਵੀ 19 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਕਈ ਸੂਬਿਆਂ 'ਚ ਹਫ਼ਤਾਵਾਰੀ ਤੇ ਅੰਸ਼ਕ ਲਾਕਡਾਊਨ ਲਾਗੂ ਹੈ। ਉੱਤਰ ਪ੍ਰਦੇਸ਼ ਵਿਚ ਤਾਂ ਐਤਵਾਰ ਨੂੰ ਮੁਕੰਮਲ ਲਾਕਡਾਊਨ ਹੈ। ਕੋਰੋਨਾ ਦੀ ਖ਼ਤਰਨਾਕ ਸਥਿਤੀ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਭਾਰਤ ਇਕ ਵਾਰ ਫਿਰ ਲਾਕਡਾਊਨ ਵੱਲ ਵਧ ਰਿਹਾ ਹੈ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਹਾਲ ਅਜਿਹੀ ਸਥਿਤੀ ਨਹੀਂ ਦਿਸ ਰਹੀ ਹੈ। ਦੇਸ਼ ਵਿਚ ਜਲਦਬਾਜ਼ੀ 'ਚ ਲਾਕਡਾਊਨ ਨਹੀਂ ਲਗਾਇਆ ਜਾਵੇਗਾ।

ਅਸਲ ਵਿਚ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਗਏ ਇੰਟਰਵਿਊ 'ਚ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਪੁੱਛਿਆ ਗਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਕੋਰੋਨਾ ਨੂੰ ਕਾਬੂ ਵਿਚ ਕਰਨ ਲਈ ਲਾਕਡਾਊਨ ਲਗਾਇਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਲਾਕਡਾਊਨ ਦਾ ਮਕਸਦ ਅਲੱਗ ਸੀ, ਉਸ ਵੇਲੇ ਦੇਸ਼ ਕੋਲ ਦਵਾਈ ਜਾਂ ਟੀਕੇ ਨਹੀਂ ਸਨ। ਪਰ ਹੁਣ ਸਥਿਤੀ ਵੱਖਰੀ ਹੈ। ਅਸੀਂ ਸੂਬਿਆਂ ਦੇ ਨਾਲ ਸੰਪਰਕ ਵਿਚ ਹਾਂ। ਸੂਬਿਆਂ ਦੀ ਜੋ ਸਹਿਮਤੀ ਹੋਵੇਗੀ, ਅਸੀਂ ਉਨ੍ਹਾਂ ਦੇ ਨਾਲ ਰਹਾਂਗੇ।

ਕੋਵਿਡ ਦੇ ਨਵੇਂ ਮਿਊਟੈਂਟ ਚਿੰਤਾ ਦਾ ਵਿਸ਼ਾ : ਸ਼ਾਹ

ਇੰਟਰਵਿਊ 'ਚ ਗ੍ਰਹਿ ਮੰਤਰੀ ਤੋਂ ਕੋਰੋਨਾ ਦੇ ਨਵੇਂ ਮਿਊਟੈਂਟ ਦੇ ਖ਼ਤਰੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਰ ਕੋਈ ਚਿੰਤਤ ਹੈ। ਮੈਨੂੰ ਵੀ ਇਸ ਦੀ ਚਿੰਤਾ ਹੈ, ਪਰ ਸਾਡੇ ਵਿਗਿਆਨੀ ਇਸ ਨਾਲ ਲੜਨ ਲਈ ਦਿਨ-ਰਾਤ ਅਧਿਐਨ ਕਰ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜਿੱਤਾਂਗੇ।

Posted By: Seema Anand