ਵੀ ਕੇ ਸ਼ੁਕਲਾ, ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਸਿੱਧੂ ਨੂੰ ਆਪਣੀ ਟੀਮ ਵਿਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਕੇਜਰੀਵਾਲ ਦੇ ਇਸ ਬਿਆਨ ਨੂੰ ਸਿੱਧੂ ਦੇ ਆਪ 'ਚ ਸ਼ਾਮਲ ਹੋਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਸਿੱਧੂ ਦੀ ਇਸ ਨਵੀਂ ਪਾਰੀ ਦੀ ਵਿਚੋਲਗੀ ਕਰ ਰਹੇ ਹਨ। ਆਪ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਲੈ ਕੇ ਗੱਲ ਚੱਲ ਰਹੀ ਹੈ। ਹਾਲਾਂਕਿ ਹਾਲੇ ਕੁਝ ਫਾਈਨਲ ਨਹੀਂ ਹੋਇਆ। ਉਮੀਦ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਥੋੜ੍ਹਾ ਮੱਠਾ ਪੈਂਦਿਆਂ ਹੀ ਸਿੱਧੂ ਦੀ ਕੇਜਰੀਵਾਲ ਨਾਲ ਮੁਲਾਕਾਤ ਹੋ ਸਕਦੀ ਹੈ। ਉੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਤੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਸਿੱਧੂ ਨਾਲ ਰਸਮੀ ਤੌਰ 'ਤੇ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ। ਪਰ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ 'ਚ ਤੰਗੀ ਮਹਿਸੂਸ ਕਰ ਰਹੇ ਚੰਗੇ ਲੋਕਾਂ ਦਾ ਆਮ ਆਦਮੀ ਪਾਰਟੀ 'ਚ ਸਵਾਗਤ ਹੈ। ਪੰਜਾਬ ਦੀ ਭਲਾਈ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਜਾਣਕਾਰ ਦੱਸਦੇ ਹਨ ਕਿ 2017 'ਚ ਭਾਜਪਾ ਛੱਡ ਕੇ ਕਾਂਗਰਸ ਦਾ ਦਾਮਨ ਫੜਨ ਵਾਲੇ ਸਿਆਸਤ ਦੇ 'ਹਰਫਨਮੌਲਾ' ਖਿਡਾਰੀ ਨਵਜੋਤ ਸਿੰਘ ਸਿੱਧੂ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ 2016-17 'ਚ ਵੀ ਉਨ੍ਹਾਂ ਦੇ 'ਆਪ' 'ਚ ਸ਼ਾਮਲ ਹੋਣ ਦੀ ਚਰਚਾ ਚੱਲੀ ਸੀ ਪਰ ਕਿਸੇ ਕਾਰਨ ਨਾਲ ਗੱਲ ਨਹੀਂ ਬਣੀ ਤੇ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ।

ਸਿੱਧੂ ਹਾਲੇ ਪੰਜਾਬ ਦੀ ਅੰਮਿ੍ਤਸਰ ਈਸਟ ਸੀਟ ਤੋਂ ਕਾਂਗਰਸ ਦੇ ਵਿਧਾਇਕ ਹਨ। ਹਾਲਾਂਕਿ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਤਲਖੀ ਬਰਕਰਾਰ ਰਹੀ। ਉਨ੍ਹਾਂ ਨੂੰ ਬਾਅਦ 'ਚ ਕੈਬਨਿਟ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਇਸ ਸਾਲ ਮਾਰਚ 'ਚ ਕਿਹਾ ਸੀ ਕਿ ਸਿੱਧੂ ਦਾ ਪਾਰਟੀ 'ਚ ਸਵਾਗਤ ਰਹੇਗਾ।

ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਪੰਜਾਬ 'ਚ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਦਾ ਪੱਲਾ ਫੜਨ ਦੀ ਤਿਆਰੀ 'ਚ ਹਨ। ਉਹ ਚਾਹੁੰਦੇ ਹਨ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਿਆਸੀ ਲੜਾਈ ਦਾ ਫਾਇਦਾ ਉਠਾ ਕੇ ਵੱਡਾ ਮੁਕਾਮ ਹਾਸਲ ਕਰਨ। ਇਸ ਲਈ ਉਹ ਆਪ ਵਿਚ ਸ਼ਾਮਲ ਹੋ ਕੇ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਨ।