ਜੇਐੱਨਐੱਨ, ਨਵੀਂ ਦਿੱਲੀ : ਚੀਨ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸਰਕਾਰ ਨੇ ਸੰਸਦ 'ਚ ਇਸ ਦੀ ਚਰਚਾ ਭਾਵੇਂ ਖ਼ਾਰਜ ਕਰ ਦਿੱਤੀ ਪਰ ਕਾਂਗਰਸ ਇਸ ਮੁੱਦੇ 'ਤੇ ਜ਼ਰੂਰ ਬੋਲ ਰਹੀ ਹੈ। ਭਾਰਤ-ਚੀਨ ਸਰਹੱਦ 'ਤੇ ਬੀਤੇ ਛੇ ਮਹੀਨਿਆਂ ਦੌਰਾਨ ਘੁਸਪੈਠ ਦੀ ਕੋਈ ਘਟਨਾ ਨਾ ਹੋਣ ਦੇ ਰਾਜਸਭਾ 'ਚ ਗ੍ਰਹਿ ਰਾਜਮੰਤਰੀ ਨਿਤਿਆਨੰਦ ਰਾਏ ਦੇ ਲਿਖਤੀ ਜਵਾਬ ਬਾਰੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦੇ ਹੋਏ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਆਖਿਰ ਪ੍ਰਧਾਨ ਮੰਤਰੀ ਚੀਨ ਤੋਂ ਕਿਉਂ ਡਰ ਰਹੇ ਹਨ?

ਰਾਹੁਲ ਨੇ ਅਮਰੀਕਾ ਤੋਂ ਆਪਣੇ ਟਵੀਟ 'ਚ ਇਸ ਬਿਆਨ ਦੇ ਘਟਨਾਕ੍ਰਮਾਂ ਨੂੰ ਸਮਝਾਉਣ ਦੀ ਜ਼ਰੂਰਤ ਦੱਸਦੇ ਹੋਏ ਕਿਹਾ, 'ਪ੍ਰਧਾਨ ਮੰਤਰੀ ਬੋਲੇ ਕਿ ਕੋਈ ਵੀ ਸਰਹੱਦ ਦੇ ਅੰਦਰ ਨਹੀਂ ਆਇਆ। ਫਿਰ ਚੀਨ ਸਥਿਤ ਬੈਂਕ ਤੋਂ ਭਾਰੀ ਕਰਜ਼ਾ ਲੈ ਲਿਆ। ਫਿਰ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਨੇ ਦੇਸ਼ 'ਚ ਕਬਜ਼ਾ ਕੀਤਾ। ਹੁਣ ਗ੍ਹਿ ਰਾਜਮੰਤਰੀ ਨੇ ਕਿਹਾ ਕਬਜ਼ਾ ਨਹੀਂ ਹੋਇਆ। ਮੋਦੀ ਸਰਕਾਰ ਭਾਰਤੀ ਫ਼ੌਜ ਨਾਲ ਹੈ ਜਾਂ ਚੀਨ ਨਾਲ। ਏਨਾ ਡਰ ਕਿਸ ਗੱਲ ਦਾ?'

ਰਾਹੁਲ ਤੋਂ ਬਾਅਦ ਕਾਂਗਰਸ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ 'ਤੇ ਪੂਰਬੀ ਲੱਦਾਖ 'ਚ ਚੀਨੀ ਘੁਸਪੈਠ ਦਾ ਸੰਸਦ 'ਚ ਜਵਾਬ ਦੇਣ ਤੋਂ ਬਚਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਸੀ ਕਿ ਪੀਐੱਮ ਦੇਸ਼ ਦੀ ਸੁਰੱਖਿਆ ਦੇ ਇਸ ਸਭ ਤੋਂ ਅਹਿਮ ਮੋਰਚੇ 'ਤੇ ਆਪਣੀ ਅਸਫਲਤਾ ਲੁਕਾਉਣ ਲਈ ਸੰਸਦ 'ਚ ਚੀਨ ਦੇ ਮੁੱਦੇ 'ਤੇ ਚਰਚਾ ਤੋਂ ਭੱਜ ਰਹੇ ਹਨ। ਉਨ੍ਹਾਂ ਸਰਕਾਰ ਕੋਲੋਂ ਸੰਸਦ 'ਚ ਇਹ ਦੱਸਣ ਦੀ ਮੰਗ ਕੀਤੀ ਕਿ ਚੀਨ ਨੇ ਭਾਰਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ ਜਾਂ ਨਹੀਂ। ਨਾਲ ਹੀ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਡੇਪਸਾਂਗ, ਪੈਂਗੋਂਗ ਤਸੋ ਲੇਕ 'ਚ ਫਿੰਗਰ ਅੱਠ ਤਕ, ਵਾਈ ਜੰਕਸ਼ਨ ਭੂਟਾਨ 'ਚ, ਉੱਤਰਾਖੰਡ 'ਚ ਲਿਪੁਲੇਖ ਤੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ 'ਤੇ ਚੀਨੀ ਫ਼ੌਜੀਆਂ ਕਬਜ਼ਾ ਕੀਤਾ ਹੈ ਜਾਂ ਨਹੀਂ। ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸੰਸਦ ਨੂੰ ਇਸ ਬਾਰੇ ਜਾਣੂ ਕਰਵਾਉਣ ਕਿ ਚੀਨ ਨੇ ਇਸ ਦੌਰਾਨ ਭਾਰਤ ਦੀ ਕਿੰਨੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ।

ਕਾਂਗਰਸੀ ਨੇਤਾ ਨੇ ਸੰਸਦ ਜ਼ਰੀਏ ਦੇਸ਼ ਨੂੰ ਇਹ ਦੱਸਣ ਦੀ ਵੀ ਮੰਗ ਕੀਤੀ ਚੀਨੀ ਫ਼ੌਜੀਆਂ ਨੇ ਭਾਰਤੀ ਜ਼ਮੀਨ ਤੋਂ ਬਾਹਰ ਕੱਢਣ ਲਈ ਸਰਕਾਰ ਦੀ ਸਮਾਂ-ਹੱਦ ਕੀ ਹੈ? 19 ਜੂਨ ਨੂੰ ਸਰਬ ਪਾਰਟੀ ਬੈਠਕ ਦੌਰਾਨ ਪੀਐੱਮ ਦੇ 'ਸਾਡੀ ਸਰਹੱਦ 'ਚ ਨਾ ਕੋਈ ਆਇਆ ਸੀ ਤੇ ਨਾ ਹੁਣ ਹੈ' ਬਿਆਨ ਨੂੰ ਝੂਠਾ ਦੱਸਦੇ ਹੋਏ ਸੁਰਜੇਵਾਲਾ ਨੇ ਇਸ 'ਤੇ ਸੰਸਦ 'ਚ ਮਾਫੀ ਦੀ ਮੰਗ ਕੀਤੀ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਸਰਕਾਰ ਨੇ ਕਿਸੇ ਤਰ੍ਹਾਂ ਦੀ ਘੁਸਪੈਠ ਨਾ ਹੋਣ ਦੀ ਗੱਲ ਕਹਿ ਕੇ ਅਸਲ 'ਚ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਜੋ ਗਲਵਾਨ ਘਾਟੀ 'ਚ ਸ਼ਹੀਦ ਹੋਏ ਸਾਡੇ ਜਵਾਨਾਂ ਦੀ ਅਪਮਾਨ ਹੈ।