ਨਵੀਂ ਦਿੱਲੀ: ਅਕਸਰ ਕਿਸੇ ਵੱਡੇ ਮੁੱਦੇ ਦੀ ਜਾਂਚ ਸਬੰਧੀ ਸਿਆਸਤ ਤੋਂ ਪ੍ਰਭਾਵਿਤ ਰਹਿਣ ਦੇ ਦੋਸ਼ਾਂ ਕਾਰਨ ਚਰਚਾ 'ਚ ਰਹਿਣ ਵਾਲੀ ਦੇਸ਼ ਦੀ ਜਾਂਚ ਏਜੰਸੀ ਸੀਬੀਆਈ 'ਤੇ ਫਿਰ ਸਵਾਲ ਚੁੱਕਿਆ ਗਿਆ ਹੈ। ਇਸ ਵਾਰ ਦੇਸ਼ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਾਂਚ ਏਜੰਸੀ ਦੇ ਕੰਮ ਕਰਨ ਦੇ ਤਰੀਕੇ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਸਵਾਲ ਚੁੱਕਿਆ ਹੈ ਕਿ ਮੁੱਦਾ ਸਿਆਸੀ ਨਾ ਹੋਵੇ ਤਾਂ ਉਦੋਂ ਹੀ ਸੀਬੀਆਈ ਕਿਉਂ ਚੰਗਾ ਕੰਮ ਕਰਦੀ ਹੈ। ਨਾਲ ਹੀ ਚੀਫ਼ ਜਸਟਿਸ ਨੇ ਜਾਂਚ ਏਜੰਸੀ ਦੀ ਖ਼ੁਦਮੁਖਤਿਆਰੀ ਦੀ ਵੀ ਗੱਲ ਕੀਤੀ ਹੈ।

ਦੇਸ਼ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਮੰਗਲਵਾਰ ਨੂੰ ਸੀਬੀਆਈ ਦੇ ਹੀ ਪ੍ਰੋਗਰਾਮ 'ਚ ਉਸ ਦੇ ਕੰਮ 'ਤੇ ਸਵਾਲ ਕਰਦੇ ਹੋਏ ਕਿਹਾ ਕਿ ਉਹ ਅਕਸਰ ਖ਼ੁਦ ਨੂੰ ਸਵਾਲ ਕਰਦੇ ਹਨ ਕਿ ਜਦੋਂ ਮਾਮਲਾ ਸਿਆਸਤ ਨਾਲ ਸਬੰਧਤ ਨਹੀਂ ਹੁੰਦਾ, ਉਦੋਂ ਸੀਬੀਆਈ ਚੰਗਾ ਕੰਮ ਕਿਉਂ ਕਰਦੀ ਹੈ? ਉਨ੍ਹਾਂ ਨੇ ਸੀਬੀਆਈ ਨੂੰ ਡਰ ਤੇ ਕਿਸੇ ਦੇ ਪ੍ਰਭਾਵ 'ਚ ਆਏ ਬਿਨਾਂ ਨਿਰਪੱਖ ਤਰੀਕੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ।


ਉਨ੍ਹਾਂ ਕਿਹਾ, ਇਹ ਸੱਚ ਹੈ ਕਿ ਹਾਈ ਪ੍ਰੋਫਾਈਲ ਤੇ ਕੁਝ ਸਿਆਸੀ ਕੇਸਾਂ 'ਚ ਸੀਬੀਆਈ ਆਪਣੀ ਨਿਆਇਕ ਪੜਤਾਲ 'ਤੇ ਖਰੀ ਨਹੀਂ ਉਤਰਦੀ। ਨਾਲ ਹੀ ਇਹ ਵੀ ਓਨਾ ਹੀ ਸਹੀ ਹੈ ਕਿ ਇਹ ਗ਼ਲਤੀ ਕਦੇ-ਕਦੇ ਨਹੀਂ ਹੋਈ ਹੋਵੇਗੀ।

ਜਸਟਿਸ ਗੋਗੋਈ ਸੀਬੀਆਈ ਵੱਲੋਂ ਕਰਵਾਏ 18ਵੀਂ ਡੀਪੀ ਕੋਹਲੀ ਮੈਮੋਰੀਅਲ ਲੈਕਚਰ ਪ੍ਰੋਗਰਾਮ 'ਚ ਨਿਆਂ ਵਿਵਸਥਾ ਨੂੰ ਮਜ਼ਬੂਤ ਬਣਾਉਣ 'ਚ ਪੁਲਿਸ ਦੀ ਭੂਮਿਕਾ ਵਿਸ਼ੇ 'ਤੇ ਬਤੌਰ ਮੁੱਖ ਬੁਲਾਰੇ ਸਬੰਧਨ ਕਰ ਰਹੇ ਸਨ। ਉਨ੍ਹਾਂ ਨੇ ਇਸ ਦੌਰਾਨ ਸੀਬੀਆਈ ਨੂੰ ਸੀਏਜੀ ਜਿਹੇ ਅਧਿਕਾਰ ਦੇਣ ਦੀ ਵਕਾਲਤ ਕੀਤੀ, ਜਿਸ 'ਚ ਉਸ ਕੋਲ ਵਿੱਤੀ ਤੇ ਪ੍ਰਸ਼ਾਸਨਿਕ ਅਧਿਕਾਰ ਵੀ ਹੋਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਬੀਆਈ ਨੂੰ ਮੌਜੂਦਾ ਜ਼ਰੂਰਤ ਦੇ ਹਿਸਾਬ ਨਾਲ ਤਿਆਰ ਰਹਿਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

Posted By: Akash Deep