ਸਟੇਟ ਬਿਊਰੋ, ਮੁੰਬਈ : ਪਾਰਟੀ ’ਚ ਭਾਰੀ ਬਗ਼ਾਵਤ ਝੱਲ ਰਹੇ ਸ਼ਿਵ ਸੈਨਾ ਦੇ ਪ੍ਰਧਾਨ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ਿਵ ਸੈਨਿਕਾਂ ਦੇ ਸਾਹਮਣੇ ਭਾਵਨਾਤਮਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਨਾ ਸਿਰਫ਼ ਮੁੱਖ ਮੰਤਰੀ ਅਹੁਦੇ, ਬਲਕਿ ਸ਼ਿਵ ਸੈਨਾ ਮੁਖੀ ਦਾ ਅਹੁਦਾ ਵੀ ਛੱਡਣ ਲਈ ਤਿਆਰ ਹਨ, ਪਰ ਸਾਡਾ ਕੋਈ ਸ਼ਿਵ ਸੈਨਿਕ ਮੇਰੇ ਸਾਹਮਣੇ ਆ ਕੇ ਮੰਗੇ ਤਾਂ।

ਮਹਾਰਾਸ਼ਟਰ ’ਚ ਸਿਆਸੀ ਸੰਕਟ ਸ਼ੁਰੂ ਹੋਣ ਦੇ ਬਾਅਦ ਪਹਿਲੀ ਵਾਰੀ ਫੇਸਬੁੱਕ ਲਾਈਵ ਦੇ ਜ਼ਰੀਏ ਸੂਬੇ ਦੀ ਜਨਤਾ ਨੂੰ ਸੰਬੋਧਨ ਕਰਨ ਆਏ ਊਧਵ ਨੇ ਕਿਹਾ ਕਿ ਅਹੁਦਾ ਲੈਣੇ ਦੇ ਪਿੱਛੇ ਮੇਰਾ ਕੋਈ ਸੁਆਰਥ ਨਹੀਂ ਹੈ। ਸਿਆਸਤ ਕੋਈ ਵੀ ਮੋਡ਼ ਲੈ ਸਕਦੀ ਹੈ। ਮੈਨੂੰ ਹੈਰਾਨੀ ਹੈ ਕਿ ਕਾਂਗਰਸ ਤੇ ਐੱਨਸੀਪੀ ’ਚੋਂ ਕੋਈ ਕਹਿੰਦਾ ਕਿ ਮੈਨੂੰ ਮੁੱਖ ਮੰਤਰੀ ਅਹੁਦੇ ’ਤੇ ਤੁਸੀਂ ਨਹੀਂ ਚਾਹੀਦੇ, ਤਾਂ ਮੈਂ ਸਮਝ ਸਕਦਾ ਸੀ। ਪਰ ਬੁੱਧਵਾਰ ਨੂੰ ਕਮਲਨਾਥ ਤੇ ਸ਼ਰਦ ਪਵਾਰ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਸਾਰੇ ਨਾਲ ਹਾਂ। ਦੂਜੇ ਪਾਸੇ ਮੇਰੇ ਹੀ ਲੋਕ ਮੈਨੂੰ ਮੁੱਖ ਮੰਤਰੀ ਅਹੁਦੇ ’ਤੇ ਨਹੀਂ ਚਾਹੁੰਦੇ, ਤਾਂ ਮੈਂ ਕੀ ਕਰ ਸਕਦਾ ਹਾਂ। ਉਨ੍ਹਾਂ ਬਗ਼ਾਵਤ ਦਾ ਬਿਗਲ ਵਜਾ ਰਹੇ ਏਕਨਾਥ ਸ਼ਿੰਦੇ ਦਾ ਨਾਂ ਲਏ ਬਿਨਾਂ ਕਿਹਾ ਕਿ ਇਹੀ ਗੱਲ ਤੁਸੀਂ ਮੇਰੇ ਸਾਹਮਣੇ ਆ ਕੇ ਕਹਿੰਦੇ ਤਾਂ ਕੀ ਹਰਜ਼ ਸੀ। ਇਸਦੇ ਲਈ ਸੂਰਤ ਜਾਣ ਦੀ ਕੀ ਲੋਡ਼ ਸੀ? ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਮੁੱਖ ਮੰਤਰੀ ਰਹਾਂ ਤਾਂ ਠੀਕ ਹੈ। ਇਨ੍ਹਾਂ ’ਚੋਂ ਇਕ ਵੀ ਵਿਧਾਇਕ ਮੇਰੇ ਸਾਹਮਣੇ ਆ ਕੇ ਕਹੇ ਤਾਂ ਮੈਂ ਅੱਜ ਹੀ ਅਸਤੀਫ਼ਾ ਦੇਣ ਲਈ ਤਿਆਰ ਹਾਂ। ਮੈਨੂੰ ਜ਼ਬਰਦਸਤੀ ਕੁਰਸੀ ’ਤੇ ਬੈਠਣ ਦਾ ਕੋਈ ਮੋਹ ਨਹੀਂ ਹੈ, ਪਰ ਤੁਹਾਨੂੰ ਸਾਹਮਣੇ ਆ ਕੇ ਕਹਿਣਾ ਪਵੇਗਾ। ਮੇਰੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਦੇ ਬਾਅਦ ਜੇਕਰ ਕੋਈ ਸ਼ਿਵ ਸੈਨਿਕ ਮੁੱਖ ਮੰਤਰੀ ਬਣਦਾ ਹੈ ਤਾਂ ਮੈਨੂੰ ਖ਼ੁਸ਼ੀ ਹੋਵੇਗੀ।

ਢਾਈ ਸਾਲ ਪਹਿਲਾਂ ਸੂਬੇ ’ਚ ਮਹਾਵਿਕਾਸ ਅਘਾਡ਼ੀ ਸਰਕਾਰ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਅਦ ਮੰਨਿਆ ਜਾ ਰਿਹਾ ਸੀ ਕਿ ਊਧਵ ਠਾਕਰੇ ਆਪਣੇ ਪਿਤਾ ਮਰਹੂਮ ਬਾਲਾਸਾਹਬ ਠਾਕਰੇ ਦੀ ਪਰਪੰਰਾ ਦੀ ਪਾਲਣਾ ਕਰਦੇ ਹੋਏ ਕਿਸੇ ਹੋਰ ਸ਼ਿਵ ਸੈਨਾ ਦੇ ਆਗੂ ਨੂੰ ਹੀ ਮੁੱਖ ਮੰਤਰੀ ਬਣਾਉਣਗੇ। ਕਿਉਂਕਿ ਪਿਛਲੀ ਫਡ਼ਨਵੀਸ ਸਰਕਾਰ ’ਚ ਸ਼ਿਵ ਸੈਨਾ ਦੇ ਸ਼ਾਮਲ ਹੋਣ ਤੋਂ ਪਹਿਲਾਂ ਊਧਵ ਨੇ ਏਕਨਾਥ ਸ਼ਿੰਦੇ ਨੂੰ ਵਿਰੋਧੀ ਪਾਰਟੀ ਦੇ ਆਗੂ ਦੀ ਜ਼ਿੰਮੇਵਾਰੀ ਸੌਂਪੀ ਸੀ ਤੇ ਸਰਕਾਰ ’ਚ ਸ਼ਾਮਲ ਹੋਣ ਦੇ ਬਾਅਦ ਉਨ੍ਹਾਂ ਨੂੰ ਜਨਤਕ ਨਿਰਮਾਣ ਵਿਭਾਗ ਵਰਗਾ ਮਹੱਤਵਪੂਰਨ ਅਹੁਦਾ ਵੀ ਸੌਂਪਿਆ ਸੀ, ਇਸ ਲਈ ਮੁੱਖ ਮੰਤਰੀ ਅਹੁਦੇ ਦੀ ਦੌਡ਼ ’ਚ ਸ਼ਿੰਦੇ ਨੂੰ ਅੱਗੇ ਮੰਨਿਆ ਜਾ ਰਿਹਾ ਸੀ। ਬਾਅਦ ’ਚ ਮੁੱਖ ਮੰਤਰੀ ਖ਼ੁਦ ਊਧਵ ਹੀ ਬਣੇ। ਇਸ ਦਾ ਸਪੱਸ਼ਟੀਕਰਨ ਦਿੰਦੇ ਹੋਏ ਊਧਵ ਨੇ ਕਿਹਾ ਕਿ ਪਿਛਲੀ ਵਿਧਾਨ ਸਭਾ ਚੋਣ ਮੈਂ ਕਾਂਗਰਸ ਤੇ ਐੱਨਸੀਪੀ ਦੇ ਖ਼ਿਲਾਫ਼ ਲਡ਼ੀ ਸੀ ਪਰ ਉਨ੍ਹਾਂ ਦੇ ਨਾਲ ਅਸੀਂ ਸਰਕਾਰ ’ਚ ਗਏ। ਸ਼ਰਦ ਪਵਾਰ ਨੇ ਮੈਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਪਾਰਟੀ ਤੇ ਕਾਂਗਰਸ ’ਚ ਕਈ ਸੀਨੀਅਰ ਆਗੂ ਹਨ, ਉਨ੍ਹਾਂ ਨੂੰ ਤੁਹਾਡੀ ਲੀਡਰਸ਼ਿਪ ਹੀ ਸੰਭਾਲ ਸਕਦੀ ਹੈ, ਇਸ ਲਈ ਮੈਂ ਮੁੱਖ ਮੰਤਰੀ ਬਣਨਾ ਸਵੀਕਾਰ ਕੀਤਾ। ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੇ ਮੌਜੂਦਾ ਸ਼ਿਵ ਸੈਨਾ ’ਤੇ ਹਿੰਦੂਤਵ ਦੇ ਏਜੰਡੇ ਤੋਂ ਹਟਣ ਦਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ ਸੰਸਦ ਮੈਂਬਰ ਭਾਵਨਾ ਗਵਲੀ ਨੇ ਵੀ ਇਸੇ ਵੱਲ ਇਸ਼ਾਰਾ ਕਰਦੇ ਹੋਏ ਇਕ ਪੱਤਰ ਊਧਵ ਠਾਕਰੇ ਨੂੰ ਲਿਖਿਆ ਹੈ। ਊਧਵ ਨੇ ਆਪਣੇ ਸੰਬੋਧਨ ’ਚ ਹਿੰਦੂਤਵ ਦੇ ਮੁੱਦੇ ’ਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਇਹ ਬਾਲਾਸਾਹਬ ਠਾਕਰੇ ਵਾਲੀ ਸ਼ਿਵ ਸੈਨਾ ਹੈ ਜਾਂ ਨਹੀਂ? ਇਹ ਹਿੰਦੂਤਵ ’ਤੇ ਚੱਲਣ ਵਾਲੀ ਸ਼ਿਵ ਸੈਨਾ ਹੈ ਜਾਂ ਨਹੀਂ? ਇਹ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸ਼ਿਵ ਸੈਨਾ ਤੇ ਹਿੰਦੂਤਵ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਨ੍ਹਾਂ ਨੂੰ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਹਿੰਦੂਤਵ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਗੱਲ ਕਰਨ ਵਾਲਾ ਮੈਂ ਇਕੱਲਾ ਮੁੱਖ ਮੰਤਰੀ ਸੀ। ਅਸੀਂ ਹਿੰਦੂਤਵ ਦੇ ਮੁੱਦੇ ਨੂੰ ਲੈ ਕੇ ਅਯੁੱਧਿਆ ਗਏ। ਕੁਝ ਦਿਨ ਪਹਿਲਾਂ ਆਦਿਤਿਆ ਠਾਕਰੇ (ਊਧਵ ਦੇ ਬੇਟੇ) ਵੀ ਕਈ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸ਼ਿਵ ਸੈਨਿਕਾਂ ਨਾਲ ਅਯੁੱਧਿਆ ਜਾ ਕੇ ਆਏ। ਬਾਲਾਸਾਹਬ ਦੇ ਵਿਚਾਰਾਂ ਨੂੰ ਅਸੀਂ ਹੀ ਅੱਗੇ ਲੈ ਕੇ ਜਾ ਰਹੇ ਹਾਂ।

ਊਧਵ ’ਤੇ ਇਹ ਦੋਸ਼ ਵੀ ਲੱਗ ਰਹੇ ਹਨ ਕਿ ਉਹ ਆਪਣੇ ਹੀ ਵਿਧਾਇਕਾਂ ਨੂੰ ਨਹੀਂ ਮਿਲਦੇ ਸਨ। ਵਿਧਾਇਕਾਂ ਨਾਲ ਉਨ੍ਹਾਂ ਦਾ ਸੰਪਰਕ ਨਹੀਂ ਹੋ ਪਾਉਂਦਾ ਸੀ। ਇਸ ਦੋਸ਼ ਨੂੰ ਸਵੀਕਾਰ ਕਰਦੇ ਹੋਏ ਊਧਵ ਨੇ ਕਿਹਾ, ਇਹ ਸਹੀ ਹੈ ਕਿ ਅਸੀਂ ਲੋਕਾਂ ਨਾਲ ਜ਼ਿਆਦਾ ਮਿਲਜੁੱਲ ਨਹੀਂ ਪਾ ਰਹੇ ਸੀ। ਸਰਕਾਰ ਬਣਨ ਦੇ ਬਾਅਦ ਪਹਿਲੇ ਦੋ ਸਾਲ ਕੋਵਿਡ ਕਾਰਨ ਅਜਿਹਾ ਹੋਇਆ, ਉਸਦੇ ਬਾਅਦ ਮੇਰਾ ਆਪ੍ਰੇਸ਼ਨ ਹੋਣ ਕਾਰਨ ਲੋਕਾਂ ਨੂੰ ਮਿਲਣਾ ਸੰਭਵ ਨਹੀਂ ਹੋ ਸਕਿਆ ਪਰ ਆਪ੍ਰੇਸ਼ਨ ਦੇ ਬਾਅਦ ਅਸੀਂ ਹਸਪਤਾਲ ਦੇ ਕਮਰੇ ’ਚ ਹੀ ਕੈਬਨਿਟ ਦੀ ਬੈਠਕ ਵੀ ਕੀਤੀ ਸੀ।

ਊਧਵ ਦੇ ਜਨਤਾ ਨੂੰ ਸੰਬੋਧਨ ਦੇ ਬਾਅਦ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਆਪਣੀ ਬੇਟੀ ਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨਾਲ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਸਰਕਾਰੀ ਨਿਵਾਸ ‘ਵਰਸ਼ਾ’ ’ਚ ਮੁਲਾਕਾਤ ਕੀਤੀ। ਇਸ ਤੋਂ ਪਹਿਲੇ ਦਿਨ ’ਚ ਊਧਵ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਸੀ।

Posted By: Sandip Kaur