ਨਵੀਂ ਦਿੱਲੀ (ਪੀਟੀਆਈ) : ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿਚ ਨਰਿੰਦਰ ਮੋਦੀ ਜਦੋਂ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦੇ ਸਾਹਮਣੇ ਪੇਸ਼ ਹੋਏ ਸਨ ਤਾਂ ਨੌਂ ਘੰਟੇ ਤਕ ਚੱਲੀ ਪੁੱਛਗਿੱਛ ਵਿਚ ਉਨ੍ਹਾਂ ਨਾ ਸਿਰਫ਼ ਸੌ ਤੋਂ ਜ਼ਿਆਦਾ ਸਵਾਲਾਂ ਦੇ ਸ਼ਾਂਤੀ ਅਤੇ ਹੌਸਲੇ ਨਾਲ ਜਵਾਬ ਦਿੱਤੇ ਸਨ, ਬਲਕਿ ਉਹ ਇਸ ਦੌਰਾਨ ਕਾਫ਼ੀ ਸੰਜਮ 'ਚ ਰਹੇ ਸਨ ਕਿ ਉਨ੍ਹਾਂ ਜਾਂਚਕਰਤਾਵਾਂ ਦੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਕ ਕੱਪ ਚਾਹ ਤਕ ਵੀ ਨਹੀਂ ਪੀਤੀ ਸੀ। ਐੱਸਆਈਟੀ ਨੇ ਗੁਜਰਾਤ ਦੰਗਿਆਂ ਨੂੰ ਲੈ ਕੇ ਸੂਬੇ ਦੇ ਤੱਤਕਾਲੀ ਮੁੱਖ ਮੰਤਰੀ ਮੋਦੀ ਤੋਂ ਪੁੱਛਗਿੱਛ ਕੀਤੀ ਸੀ।

ਐੱਸਆਈਟੀ ਮੁਖੀ ਰਹੇ ਆਰਕੇ ਰਾਘਵਨ ਨੇ ਆਪਣੀ ਨਵੀਂ ਕਿਤਾਬ 'ਏ ਰੋਡ ਵੈੱਲ ਟੈ੍ਵੈਲਡ' 'ਚ ਇਸ ਮੁੱਦੇ 'ਤੇ ਕਈ ਨਵੀਆਂ ਜਾਣਕਾਰੀਆਂ ਸਾਹਮਣੇ ਰੱਖੀਆਂ ਹਨ। ਇਹ ਪੁੱਛਗਿੱਛ ਸਿਆਸੀ ਕਾਰਨਾਂ ਕਰਕੇ ਖ਼ਾਸੀ ਚਰਚਾ ਵਿਚ ਰਹੀ ਸੀ ਪਰ ਇਸ ਨਾਲ ਸਬੰਧਤ ਸਾਰੇ ਸਵਾਲ ਉਸ ਸਮੇਂ ਸ਼ਾਂਤ ਹੋ ਗਏ, ਜਦੋਂ ਐੱਸਆਈਟੀ ਨੇ ਮੋਦੀ ਨੂੰ ਕਲੀਨ ਚਿੱਟ ਦੇ ਦਿੱਤੀ। 2002 ਦੇ ਦੰਗਿਆਂ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਕੀਤਾ ਗਿਆ ਸੀ। ਐੱਸਆਈਟੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਰਾਘਵਨ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਮੁਖੀ ਵੀ ਰਹਿ ਚੁੱਕੇ ਸਨ।

ਰਾਘਵਨ ਨੇ ਆਪਣੀ ਆਤਮਕਥਾ ਵਿਚ ਲਿਖਿਆ ਹੈ, ਮੋਦੀ ਗਾਂਧੀਨਗਰ ਵਿਚ ਐੱਸਆਈਟੀ ਦੇ ਦਫ਼ਤਰ ਵਿਚ ਆਉਣ ਲਈ ਖ਼ੁਦ ਹੀ ਰਾਜ਼ੀ ਹੋ ਗਏ ਸਨ ਅਤੇ ਜਦੋਂ ਉਹ ਪੁੱਛਗਿੱਛ ਲਈ ਆਏ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਵੀ ਲੈ ਕੇ ਆਏ। ਰਾਘਵਨ ਲਿਖਦੇ ਹਨ, ਅਸੀਂ ਮੁੱਖ ਮੰਤਰੀ (ਮੋਦੀ) ਦੇ ਸਟਾਫ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਨੂੰ ਖ਼ੁਦ ਹੀ ਐੱਸਆਈਟੀ ਦਫ਼ਤਰ ਆਉਣਾ ਹੋਵੇਗਾ, ਕਿਉਂਕਿ ਜੇਕਰ ਉਨ੍ਹਾਂ ਤੋਂ ਕਿਤੇ ਹੋਰ ਪੁੱÎਛਗਿੱਛ ਕੀਤੀ ਗਈ ਤਾਂ ਇਸ ਨੂੰ ਪੱਖਪਾਤ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਰਾਘਵਨ ਮੁਤਾਬਕ, ਉਨ੍ਹਾਂ ਐੱਸਆਈਟੀ ਮੈਂਬਰ ਅਸ਼ੋਕ ਮਲਹੋਤਰਾ ਨੂੰ ਮੋਦੀ ਤੋਂ ਪੁੱਛਗਿੱਛ ਦੀ ਜ਼ਿੰਮੇਵਾਰੀ ਦੇਣ ਦਾ ਕਦਮ ਉਠਾਇਆ ਅਤੇ ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਸ਼ਰਾਰਤਪੂਰਨ ਤਰੀਕੇ ਨਾਲ ਅਜਿਹਾ ਕੋਈ ਦੋਸ਼ ਨਾ ਲਾਇਆ ਜਾ ਸਕੇ ਕਿ ਮੋਦੀ ਅਤੇ ਉਨ੍ਹਾਂ ਦੇ (ਰਾਘਵਨ ਵਿਚਾਲੇ) ਵਿਚ ਕੁਝ ਤੈਅ ਹੋ ਗਿਆ ਹੈ। ਰਾਘਵਨ ਦੇ ਇਸ ਕਦਮ ਨੂੰ ਕਈ ਮਹੀਨੇ ਬਾਅਦ ਕੋਰਟ ਮਿੱਤਰ ਹਰੀਸ਼ ਸਾਲਵੇ ਨੇ ਇਕਦਮ ਸਹੀ ਠਹਿਰਾਇਆ ਸੀ।

ਤਾਮਿਲਨਾਡੂ ਕੈਡਰ ਦੇ ਆਈਪੀਐੱਸ ਅਧਿਕਾਰੀ ਰਾਘਵਨ ਲਿਖਦੇ ਹਨ ਕਿ ਮੋਦੀ ਤੋਂ ਪੁੱਛਗਿੱਛ ਉਨ੍ਹਾਂ ਦੇ ਨਿੱਜੀ ਚੈਂਬਰ ਵਿਚ ਹੋਈ ਸੀ। ਅਸ਼ੋਕ ਮਲਹੋਤਰਾ ਨੇ ਬਾਅਦ ਵਿਚ ਉਨ੍ਹਾਂ ਨੂੰ ਦੱਸਿਆ ਕਿ ਦੇਰ ਰਾਤ ਚੱਲੀ ਇਸ ਮੈਰਾਥਨ ਪੁੱਛਗਿੱਛ ਦੌਰਾਨ ਮੋਦੀ ਨੇ ਕਦੇ ਵੀ ਆਪਾ ਨਹੀਂ ਗੁਆਇਆ। ਇਕ ਵਾਰ ਵੀ ਨਹੀਂ ਲੱਗਾ ਕਿ ਮੋਦੀ ਆਪਣੇ ਜਵਾਬ ਵਿਚ ਗ਼ੈਰ ਜ਼ਰੂਰੀ ਰੂਪ ਨਾਲ ਕੁਝ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਮਲਹੋਤਰਾ ਨੇ ਉਨ੍ਹਾਂ ਤੋਂ ਲੰਚ ਲਈ ਪੁੱਿਛਆ ਤਾਂ ਉਨ੍ਹਾਂ ਨਿਮਰਤਾ ਨਾਲ ਇਸ ਨੂੰ ਵੀ ਠੁਕਰਾ ਦਿੱਤਾ।

ਮੋਦੀ ਦੀ ਊਰਜਾ ਦਾ ਪੱਧਰ ਇਹ ਸੀ ਕਿ ਉਹ ਇਕ ਛੋਟੇ ਜਿਹੇ ਬ੍ਰੇਕ ਲਈ ਮੁਸ਼ਕਲ ਨਾਲ ਰਾਜ਼ੀ ਹੋਏ ਅਤੇ ਉਹ ਵੀ ਆਪਣੇ ਲਈ ਨਹੀਂ, ਬਲਕਿ ਮਲਹੋਤਰਾ ਨੂੰ ਰਾਹਤ ਦੇਣ ਲਈ। ਕਿਤਾਬ ਵਿਚ ਰਾਘਵਨ ਨੇ ਐੱਸਆਈਟੀ ਦੀ ਜਾਂਚ ਨੂੰ ਸਟੀਕ ਅਤੇ ਪੂਰੀ ਤਰ੍ਹਾਂ ਪੇਸ਼ੇਵਰ ਤੌਰ-ਤਰੀਕਿਆਂ ਵਾਲੀ ਦੱਸਿਆ। ਰਾਘਵਨ ਮੁਤਾਬਕ ਗੁਜਰਾਤ ਤੇ ਦਿੱਲੀ ਵਿਚ ਬੈਠੇ ਮੋਦੀ ਦੇ ਵਿਰੋਧੀ ਜਾਂਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸਨ। ਰਾਘਵਨ ਲਿਖਦੇ ਹਨ, ਇਨ੍ਹਾਂ ਲੋਕਾਂ ਨੇ ਮੇਰੇ ਖ਼ਿਲਾਫ਼ ਮੁਹਿੰਮ ਚਲਾਈ ਅਤੇ ਮੇਰੇ 'ਤੇ ਮੁੱਖ ਮੰਤਰੀ ਦਾ ਪੱਖ ਲੈਣ ਦਾ ਦੋਸ਼ ਲਾਇਆ। ਹੱਦ ਇਹ ਹੈ ਕਿ ਟੈਲੀਫੋਨ 'ਤੇ ਮੇਰੀ ਗੱਲਬਾਤ ਦੀ ਨਿਗਰਾਨੀ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਗਈ। ਹਾਲਾਂਕਿ ਉਨ੍ਹਾਂ ਨੂੰ ਮੇਰੇ ਖ਼ਿਲਾਫ਼ ਕੁਝ ਹੱਥ ਨਹੀਂ ਲੱਗਾ। ਸੁਪਰੀਮ ਕੋਰਟ ਵੀ ਮੇਰੇ ਪੱਖ ਵਿਚ ਖੜ੍ਹੀ ਹੋਈ ਅਤੇ ਮੇਰਾ ਬਚਾਅ ਕੀਤਾ। ਮੈਨੂੰ ਇਸ ਲਈ ਵੀ ਅਸੁਵਿਧਾਜਨਕ ਮੰਨਿਆ ਗਿਆ, ਕਿਉਂਕਿ ਮੈਂ ਇਸ ਤਰਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸੂਬਾ ਪ੍ਰਸ਼ਾਸਨ ਦੀ ਦੰਗਾਕਾਰੀਆਂ ਨਾਲ ਮਿਲੀਭੁਗਤ ਸੀ ਤਾਂ ਕਿ ਇਸ ਭਾਈਚਾਰੇ ਵਿਸ਼ੇਸ਼ ਨੂੰ ਨਿਸ਼ਾਨਾ ਬਣਾਇਆ ਜਾ ਸਕੇ।