ਜੇਐੱਨਐੱਨ, ਕੋਲਕਾਤਾ : ਬੰਗਾਲ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਚੱਕਰਵਾਤ 'ਬੁਲਬੁਲ' ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਤੋਂ ਹੀ ਸ਼ੁਰੂ ਹੋਈ ਬਾਰਿਸ਼ ਸ਼ਨਿਚਰਵਾਰ ਨੂੰ ਵੀ ਜਾਰੀ ਰਹੀ। ਇਸ ਦਾ ਅਸਰ ਹਵਾਈ ਸੇਵਾ 'ਤੇ ਵੀ ਪਿਆ। ਅਜਿਹੇ 'ਚ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡਾ ਮੈਨੇਜਮੈਂਟ ਦੀ ਮੰਨੀਏ ਤਾਂ ਸ਼ਨਿਚਰਵਾਰ ਸ਼ਾਮ ਛੇ ਵਜੇ ਤੋਂ ਅਗਲੇ ਦਿਨ ਯਾਨੀ ਐਤਵਾਰ ਛੇ ਵਜੇ ਤਕ ਹਵਾਈ ਅੱਡਾ ਬੰਦ ਰਹੇਗਾ। ਇਸ ਦੌਰਾਨ ਇੱਥੋਂ ਕੋਈ ਜਹਾਜ਼ ਉਡਾਣ ਨਹੀਂ ਭਰੇਗਾ। ਉਧਰ ਖ਼ਰਾਬ ਮੌਸਮ ਤੇ ਘੱਟ ਰੋਸ਼ਨੀ ਕਾਰਨ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨਜ਼ ਨੇ ਸ਼ਨਿਚਰਵਾਰ ਸਵੇਰੇ 11 ਵਜੇ ਤੋਂ ਬਾਅਦ ਉਡਾਣ ਭਰਨ ਵਾਲੀਆਂ ਆਪਣੀਆਂ 23 ਉਡਾਣਾਂ ਨੂੰ ਰੱਦ ਕਰ ਦਿੱਤਾ। ਇਨ੍ਹਾਂ ਵਿਚ ਕੋਲਕਾਤਾ ਤੋਂ ਰਾਂਚੀ, ਪਟਨਾ, ਦਿੱਲੀ, ਚੇਨਈ, ਮੁੰਬਈ ਤੇ ਪੁਣੇ ਆਦਿ ਨੂੰ ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ। ਉਧਰ ਹੋਰ ਉਡਾਣਾਂ ਨੇ ਦੇਰ ਨਾਲ ਉਡਾਣ ਭਰੀ।

ਚੱਕਰਵਾਤ 'ਬੁਲਬੁਲ' ਨਾਲ ਨਿਪਟਣ ਲਈ ਜਲ ਸੈਨਾ ਤਿਆਰ

ਪ੍ਰਚੰਡ ਚੱਕਰਵਾਤ ਬੁਲਬੁਲ ਦੇ ਪ੍ਰਭਾਵ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਆਫ਼ਤ ਨਾਲ ਨਿਪਟਣ ਲਈ ਭਾਰਤੀ ਜਲ ਸੈਨਾ ਪੂਰੀ ਤਿਰ੍ਹਾਂ ਤਿਆਰ ਹੈ। ਜਲ ਸੈਨਾ ਨੇ ਆਪਣੇ ਜਹਾਜ਼ਾਂ ਤੇ ਰਾਹਤ ਸਮੱਗਰੀ ਭਰੇ ਤਿੰਨ ਜਹਾਜ਼ਾਂ ਨੂੰ ਤਿਆਰ ਰੱਖਿਆ ਹੈ। ਰੱਖਿਆ ਮੰਤਰਾਲੇ ਵੱਲੋਂ ਇਕ ਬਿਆਨ ਵਿਚ ਦੱਸਿਆ ਗਿਆ ਕਿ ਪੂਰੀ ਜਲ ਸੈਨਾ ਕਮਾਨ ਨੇ ਬੰਗਾਲ ਵੱਲ ਤੇਜ਼ ਰਫ਼ਤਾਰ ਨਾਲ ਵੱਧ ਰਹੇ ਬੁਲਬੁਲ ਤੂਫ਼ਾਨ 'ਤੇ ਨੇੜਿਓਂ ਨਿਗਾਹ ਰੱਖੀ ਹੋਈ ਹੈ। ਜਲ ਸੈਨਾ ਵੱਲੋਂ ਚੱਕਰਵਾਤੀ ਤੂਫ਼ਾਨ ਦੇ ਮੱਦਨਜ਼ਰ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਚਿਤਾਵਨੀ ਦੇ ਨਾਲ ਹੀ ਉਨ੍ਹਾਂ ਨੂੰ ਕਰੀਬੀ ਬੰਦਰਗਾਹਾਂ ਤੇ ਹੋਰ ਥਾਵਾਂ 'ਤੇ ਆਸਰਾ ਲੈਣ ਦੀ ਸਲਾਹ ਦਿੱਤੀ ਗਈ ਹੈ।