ਸਟੇਟ ਬਿਊਰੋ, ਕੋਲਕਾਤਾ : ਕੋਲਕਾਤਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਬੰਗਲਾਦੇਸ਼ੀ ਅੱਤਵਾਦੀ ਜਥੇਬੰਦੀ ਜਮਾਤ-ਉਲ-ਮੁਜਾਹਦੀਨ (ਜੇਐੱਮਬੀ) ਬੰਗਲਾਦੇਸ਼ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਤਿੰਨੇ ਬੰਗਲਾਦੇਸ਼ ਦੇ ਗੋਪਾਲਗੰਜ ਦੇ ਰਹਿਣ ਵਾਲੇ ਹਨ। ਐੱਸਟੀਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੱਖਣੀ ਕੋਲਕਾਤਾ ਦੇ ਅਲੀਪੁਰ ਖੇਤਰ ਦੇ ਐੱਮਜੀ ਰੋਡ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਐਤਵਾਰ ਦੁਪਹਿਰੇ ਤਿੰਨਾਂ ਨੂੰ ਦਬੋਚ ਲਿਆ। ਗਿ੍ਫ਼ਤਾਰ ਸ਼ੱਕੀ ਅੱਤਵਾਦੀਆਂ ਦੇ ਨਾਂ ਨਜ਼ੀਰਉਰ ਰਹਿਮਾਨ ਉਰਫ਼ ਜੈਰਾਮ, ਸ਼ੇਖ਼ ਸ਼ਬੀਰ ਉਰਫ਼ ਨਿਖਿਲ ਕਾਂਤ ਤੇ ਰਬੀਬ-ਉੱਲ- ਇਸਲਾਮ ਦੱਸੇ ਗਏ ਹਨ। ਤਿੰਨੇ ਮੱਛਰਦਾਨੀਆਂ ਤੇ ਫਲ ਵੇਚਦੇ ਸਨ ਤੇ ਪਿਛਲੇ ਦੋ ਮਹੀਨਿਆਂ ਤੋਂ ਕੋਲਕਾਤਾ ਵਿਚ ਰਹਿ ਰਹੇ ਸਨ। ਐੱਸਟੀਐੱਫ ਦੀ ਕਮਿਸ਼ਨਰ ਅਪਾਰਜਿਤਾ ਰਾਏ ਨੇ ਉਕਤ ਜਾਣਕਾਰੀ ਦਿੱਤੀ।

ਐੱਸਟੀਐੱਫ ਨੂੰ ਪਤਾ ਲੱਗਾ ਹੈ ਕਿ ਇਹ ਤਿੰਨੇ ਜੇਐੱਮਬੀ ਲਈ ਫੰਡ ਇਕੱਠਾ ਕਰਨ ਤੇ ਭਰਤੀ ਦਾ ਕੰਮ ਕਰ ਰਹੇ ਸਨ। ਨਜ਼ੀਰਉਰ ਬੰਗਲਾਦੇਸ਼ ਦੀ ਜੇਲ੍ਹ ਵਿਚ ਕੁਝ ਸਮਾਂ ਬੰਦ ਰਹਿ ਚੁੱਕਾ ਹੈ। ਇਨ੍ਹਾਂ ਕੋਲੋਂ ਇਕ ਡਾਇਰੀ ਤੇ ਜਹਾਦੀ ਸਮੱਗਰੀ ਤੇ ਮੋਬਾਈਲ ਫੋਨ ਮਿਲੇ ਹਨ। ਡਾਇਰੀ ਵਿਚ ਕਈ ਜੇਐੱਮਬੀ ਕਮਾਂਡਰਾਂ ਦੇ ਨਾਂ ਤੇ ਨੰਬਰ ਹਨ।

ਐੱਸਟੀਐੱਫ ਮੁਤਾਬਕ ਇਹ ਤਿੰਨੇ ਜੇਐੱਮਬੀ ਦੇ ਨਵੇਂ ਮਡਿਊਲ ਨਾਲ ਜੁੜੇ ਹੋ ਸਕਦੇ ਹਨ ਤੇ ਸਲੀਪਰ ਸੈੱਲ ਦੇ ਮੈਂਬਰ ਹਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਕੋਲਕਾਤਾ ਕਿਉਂ ਆਏ ਤੇ ਕਿਸ ਤਰ੍ਹਾਂ ਪੁੱਜੇ। ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਹੋਰ ਲੋਕ ਕੋਲਕਾਤਾ ਵਿਚ ਜੇਐੱਮਬੀ ਸਲੀਪਰ ਸੈੱਲ ਦੇ ਰੂਪ ਵਿਚ ਸਰਗਰਮ ਹਨ ਤੇ ਇਨ੍ਹਾਂ ਲੋਕਾਂ ਦੀ ਇੱਥੇ ਕੌਣ ਮਦਦ ਕਰ ਰਿਹਾ ਹੈ।

ਦੱਸਣਾ ਬਣਦਾ ਹੈ ਕਿ ਸਾਲ 2014 ਵਿਚ ਬਰਧਮਾਨ ਜ਼ਿਲ੍ਹੇ ਦੇ ਖਾਗੜਾਗੜ੍ਹ ਵਿਚ ਇਕ ਘਰ ਵਿਚ ਆਈਈਡੀ ਧਮਾਕੇ ਪਿੱਛੋਂ ਜੇਐੱਮਬੀ ਮਡਿਊਲ ਦਾ ਭਾਂਡਾ ਭੱਜਾ ਸੀ ਜਿਸ ਪਿੱਛੋਂ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਬੰਗਾਲ, ਅਸਾਮ ਤੇ ਝਾਰਖੰਡ ਸਮੇਤ ਕਈ ਹੋਰ ਸੂਬਿਆਂ ਨਾਲ ਜੁੜੇ ਦੋ ਦਰਜਨ ਤੋਂ ਜ਼ਿਆਦਾ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਸੀ। ਜੇਐੱਮਬੀ ਅੱਤਵਾਦੀਆਂ ਦੇ ਅਲਕਾਇਦਾ ਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈਐੱਸਆਈਐੱਸ) ਨਾਲ ਵੀ ਸਬੰਧ ਹੋਣ ਦੇ ਸਬੂਤ ਮਿਲੇ ਸਨ। ਇਸ ਤੋਂ ਪਹਿਲਾਂ ਫਰਵਰੀ 2019 ਵਿਚ ਵੀ ਕੋਲਕਾਤਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਮੁਰਸ਼ਿਦਾਬਾਦ ਪੁਲਿਸ ਨਾਲ ਸਾਂਝੀ ਛਾਪੇਮਾਰੀ ਵਿਚ ਜੇਐੱਮਬੀ ਦੇ ਦੋ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਸੀ। ਫੜੇ ਗਏ ਅੱਤਵਾਦੀ ਆਪਣੇ ਸਾਥੀ ਨੂੰ ਛੁਡਾਉਣ ਲਈ ਪੁਲਿਸ 'ਤੇ ਹਮਲੇ ਲਈ ਤੇਜ਼ਾਬ ਬੰਬ ਬਣਾ ਰਹੇ ਸਨ। ਇਨ੍ਹਾਂ ਕੋਲੋਂ ਬੰਬ ਬਣਾਉਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ ਸੀ।