ਨਵੀਂ ਦਿੱਲੀ : ਪੱਛਮੀ ਬੰਗਾਲ 'ਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਡਾਕਟਰਾਂ ਨਾਲ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਈ ਹੜਤਾਲ ਦਾ ਅਸਰ ਬੰਗਾਲ ਤੋਂ ਲੈ ਕੇ ਦਿੱਲੀ ਤਕ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ 19 ਤੋਂ ਜ਼ਿਆਦਾ ਸੂਬਿਆਂ ਦੇ ਡਾਕਟਰਾਂ ਨੇ ਹੜਤਾਲ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਇਸੇ ਦਰਮਿਆਨ ਦਿੱਲੀ AIIMS ਦੇ ਰੈਜ਼ੀਡੈਂਟ ਡਾਕਟਰ ਹੜਤਾਲ ਖ਼ਤਮਕ ਰ ਕੇ ਆਪਣੇ ਕੰਮ 'ਤੇ ਪਰਤ ਆਏ ਹਨ ਪਰ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮੰਗਾਂ ਪੂਰੀਆਂ ਕਰਨ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ।

Live Updates :

-ਡਾਕਟਰਾਂ ਦੀ ਹੜਤਾਲ 'ਤੇ ਬੋਲਦਿਆਂ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਨੇ ਕਿਹਾ ਕਿ ਮੈਂ ਸਾਰੇ ਡਾਕਟਰਾਂ ਤੋਂ ਕੰਮ ਫਿਰ ਸ਼ੁਰੂ ਕਰਨ ਦੀ ਅਪੀਲ ਕਰਦੀ ਹਾਂ, ਕਿਉਂਕਿ ਹਜ਼ਾਰਾਂ ਲੋਕ ਇਲਾਜ ਦਾ ਇੰਤਜ਼ਾਰ ਕਰ ਰਹੇ ਹਨ।

- ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਡਾਕਟਰਾਂ ਦੀ ਮੰਗਾਂ ਮੰਨ ਲਈਆਂ ਹਨ। ਸਰਕਾਰ ਦੇ ਮੰਤਰੀਆਂ, ਪ੍ਰਧਾਨ ਸੇਕ੍ਰੇਟਰੀ ਨੂੰ ਡਾਕਟਰਾਂ ਤੋਂ ਮਿਲਣ ਲਈ ਭੇਜਿਆ ਸੀ। ਮਮਤਾ ਨੇ ਦੱਸਿਆ ਕਿ ਕੱਲ੍ਹ ਤੇ ਅੱਜ ਡਾਕਟਰਾਂ ਦੇ ਪ੍ਰਤੀਨਿਧੀਮੰਡਲ ਤੋਂ ਮਿਲਣ ਲਈ 5 ਘੰਟੇ ਇਤਜ਼ਾਰ ਕੀਤਾ ਪਰ ਉਹ ਨਹੀਂ ਮੰਨੇ। ਇਸ ਨਾਲ ਹੀ ਮਮਤਾ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਸਵੈਧਾਨਿਕ ਸੰਸਥਾ ਨੂੰ ਸਨਮਾਨ ਦੇਣਾ ਚਾਹੀਦਾ।

-ਮਮਤਾ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਅਸੀਂ ਕਿਸੇ ਖ਼ਿਲਾਫ਼ ਪੁਲਿਸ ਕਾਰਵਾਈ ਨਹੀਂ ਕਰਾਂਗੇ। ਸੂਬੇ ਦੀ ਸਿਹਤ ਸੇਵਾਵਾਂ ਇਸ ਤਰ੍ਹਾਂ ਨਹੀਂ ਚੱਲ ਸਕਦੀ। ਅਸੀਂ ਕੋਈ ਸਖ਼ਤ ਕਾਰਵਾਈ ਨਹੀਂ ਕਰਨ ਜਾ ਰਹੇ ਹਨ।

- ਮਮਤਾ ਨੇ ਕਿਹਾ ਕਿ ਸਾਡੀ ਸਰਕਾਰ ਨਿੱਜੀ ਹਸਪਤਾਲ 'ਚ ਭਰਤੀ ਜੂਨੀਅਰ ਡਾਕਟਰ ਦੇ ਡਾਕਟਰੀ ਇਲਾਜ਼ ਦੇ ਸਾਰੇ ਖਰਚੇ ਨੂੰ ਚੁੱਕੇਗੀ।

-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਹੈ। ਡਾਕਟਰਾਂ ਨਾਲ ਮਾੜਾ ਵਿਹਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ।

ਦੇਸ਼ ਭਰ ਵਿਚ ਡਾਕਟਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦਰਮਿਆਨ ਕੇਂਦਰ ਸਰਕਾਰ ਨੇ ਸਿਆਸੀ ਹਿੰਸਾ ਰੋਕਣ ਲਈ ਕੀਤੇ ਗਏ ਉਪਾਵਾਂ 'ਤੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ ਅਤੇ ਅਪਰਾਧੀਆਂ ਨੂੰ ਫੜਨ ਲਈ ਅਜਿਹੀਆਂ ਘਟਨਾਵਾਂ ਦੀ ਜਾਂਚ ਕਰਨ ਨੂੰ ਕਿਹਾ ਹੈ।

-ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਕਿਹਾ ਹੈ ਕਿ ਉਹ ਸ਼ਾਮ ਨੂੰ ਸੂਬਾ ਸਕੱਤਰੇਤ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਬੁਲਾਏ ਗਏ ਬੈਠਕ 'ਚ ਸ਼ਾਮਲ ਨਹੀਂ ਹੋਣਗੇ।

-ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਸੁਪਰਡੈਂਟ ਵੀਕੇ ਤਿਵਾੜੀ ਨੇ ਦੱਸਿਆ ਕਿ ਅੱਜ ਰੈਜ਼ੀਡੈਂਟ ਡਾਕਟਰ ਹੜਤਾਲ 'ਤੇ ਹਨ। ਉਨ੍ਹਾਂ ਸਿਰਫ਼ ਓਪੀਡੀ ਅਤੇ ਵਾਰਡਾਂ 'ਚ ਕੰਮ ਬੰਦ ਕੀਤਾ ਹੈ। ਐਮਰਜੈਂਸੀ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ।

ਡਾਕਟਰਾਂ ਨਾਲ ਹਿੰਸਾ ਸਬੰਧੀ ਕੋਲਕਾਤਾ ਦੇ ਐੱਨਆਰਐੱਸ ਹਸਪਤਾਲ ਦੇ ਜੂਨੀਅਰ ਡਾਕਟਰਾਂ ਦਾ ਪ੍ਰਦਰਸ਼ਨ ਪੰਜਵੇਂ ਦਿਨ ਵੀ ਜਾਰੀ ਹੈ।

-ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੇ ਵਫ਼ਦ ਨੇ ਪੱਛਮੀ ਬੰਗਾਲ 'ਚ ਚੱਲ ਰਹੀ ਡਾਕਟਰਾਂ ਦੀ ਹੜਤਾਲ 'ਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ।

-ਏਮਜ਼ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਮਲ੍ਹੀ ਨੇ ਕਿਹਾ ਹੈ ਕਿ ਸਾਰੇ ਰੈਜ਼ੀਡੈਂਟ ਡਾਕਟਰ ਕੰਮ 'ਤੇ ਵਾਪਸ ਆ ਗਏ ਹਨ ਪਰ ਅਸੀਂ ਕਾਲੇ ਬੈਜ, ਪੱਟੀਆਂ ਅਤੇ ਹੈਲਮਟ ਪਹਿਨ ਕੇ ਸੰਕੇਤਕ ਵਿਰੋਧ ਜਾਰੀ ਰੱਖਾਂਗੇ। ਜੇਕਰ ਹਾਲਤ ਵਿਗੜੇ ਤਾਂ ਅਸੀਂ 17 ਜੂਨ ਤੋਂ ਅਣਮਿੱਥੀ ਹੜਤਾਲ 'ਤੇ ਚਲੇ ਜਾਵਾਂਗੇ।

-ਡਾਕਟਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਅਸੀਂ ਪੱਛਮੀ ਬੰਗਾਲ ਸਰਕਾਰ ਨੂੰ ਹੜਤਾਲ ਕਰ ਰਹੇ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ 48 ਘੰਟੇ ਦਾ ਅਲਟੀਮੇਟਮ ਦੇ ਰਹੇ ਹਾਂ। ਜੇਕਰ ਸਰਕਾਰ ਨਾਕਾਮ ਰਹਿੰਦੀ ਹੈ ਤਾਂ ਸਾਨੂੰ ਏਮਜ਼ 'ਚ ਅਣਮਿੱਥੀ ਹੜਤਾਲ ਕਰਨ ਲਈ ਮਜਬੂਰ ਹੋਣਾ ਪਵੇਗਾ।

17 ਜੂਨ ਨੂੰ ਦੇਸ਼ਵਿਆਪੀ ਹੜਤਾਲ

ਪੱਛਮੀ ਬੰਗਾਲ 'ਚ ਡਾਕਟਰਾਂ 'ਤੇ ਹੋਈ ਹਿੰਸਾ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਹੜਤਾਲੀ ਡਾਕਟਰਾਂ ਦੀ ਹਮਾਇਤ 'ਚ ਆ ਗਿਆ ਹੈ। ਦਿੱਲੀ ਮੈਡੀਕਲ ਐਸੋਸੀਏਸ਼ਨ (DMA) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਦੇਸ਼ ਦੇ 19 ਸੂਬਿਆਂ ਦੇ ਡਾਕਟਰਾਂ ਨੇ ਇਕੱਠੇ ਮਿਲ ਕੇ 17 ਜੂਨ ਨੂੰ ਦੇਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਨੇ ਬਾਕਾਇਦਾ ਸਰਕਾਰ ਨੂੰ ਚਿੱਠੀ ਲਿਖ ਕੇ ਕੇਂਦਰੀ ਹਸਪਤਾਲ ਸੁਰੱਖਿਆ ਕਾਨੂੰਨ ਬਣਾ ਕੇ ਪੂਰੇ ਦੇਸ਼ ਵਿਚ ਲਾਗੂ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸੋਮਵਾਰ ਨੂੰ ਦੇਸ਼ਵਿਆਪੀ ਹੜਤਾਲ ਕੀਤੀ ਜਾਵੇਗੀ।

ਡਾਕਟਰਾਂ ਦਾ ਅਸਤੀਫ਼ਾ ਜਾਰੀ

ਹਿੰਸਾ ਦੇ ਵਿਰੋਧ 'ਚ ਹੁਣ ਤਕ ਸੈਂਕੜੇ ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਕੱਲੇ ਬੰਗਾਲ 'ਚ ਹੀ ਕਰੀਬ 700 ਡਾਕਟਰਾਂ ਨੇ ਨੌਕਰੀ ਛੱਡ ਦਿੱਤੀ ਹੈ। ਕੁਝ ਸੂਬਿਆਂ 'ਚ ਕਾਲੀਆਂ ਪੱਟੀਆਂ ਬੰਨ੍ਹ ਕੇ ਤਾਂ ਕੁਝ ਵਿਚ ਵਿਰੋਧ ਸਰੂਪ ਹੈਲਮਟ ਪਹਿਨ ਕੇ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਡਾਕਟਰਾਂ ਦੀ ਹੜਤਾਲ ਦਾ ਸਿੱਧਾ ਅਸਰ ਮਰੀਜ਼ਾਂ 'ਤੇ ਪੈ ਰਿਹਾ ਹੈ। ਕਈ ਸੂਬਿਆਂ 'ਚ ਓਪੀਡੀ ਸਹੂਲਤਾਂ ਖਸਤਾਹਾਲ ਹੋ ਗਈਆਂ ਹਨ।

Posted By: Seema Anand