ਸਟੇਟ ਬਿਊਰੋ, ਕੋਲਕਾਤਾ : ਬੰਗਾਲ ਵਿਧਾਨਸਭਾ ਚੋਣਾਂ 'ਚ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੀ ਵੱਡੀ ਜਿੱਤ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਬੰਗਾਲ ਅਤੇ ਇੱਥੋਂ ਦੇ ਲੋਕਾਂ ਦੀ ਜਿੱਤ ਹੈ। ਐਤਵਾਰ ਸ਼ਾਮ ਨੂੰ ਕਾਲੀਘਾਟ ਸਥਿਤ ਆਪਣੀ ਰਿਹਾਇਸ਼ 'ਤੇ ਪ੍ਰਰੈੱਸ ਕਾਨਫਰੰਸ 'ਚ ਮਮਤਾ ਨੇ ਉਨ੍ਹਾਂ ਪ੍ਰਤੀ ਭਰੋਸਾ ਪ੍ਰਗਟਾਉਣ ਲਈ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਲਈ ਕੰਮ ਕਰਦੀ ਰਹੇਗੀ। ਮਮਤਾ ਨੇ ਇਹ ਵੀ ਕਿਹਾ ਕਿ ਇਸ ਵਾਰ ਸਾਨੂੰ ਵੀ ਨਹੀਂ ਲੱਗ ਰਿਹਾ ਸੀ ਕਿ ਏਨੀ ਵੱਡੀ ਜਿੱਤ ਹੋਵੇਗੀ। ਇਹ ਭਾਜਪਾ ਦੀ ਗੰਦੀ ਰਾਜਨੀਤੀ ਦੀ ਹਾਰ ਹੋਈ ਹੈ।

ਸੂਬੇ ਦੀ ਸਭ ਤੋਂ ਹਾਈਪ੍ਰਰੋਫਾਈਲ ਨੰਦੀਗ੍ਰਾਮ ਸੀਟ ਦੇ ਨਤੀਜਿਆਂ ਬਾਰੇ ਕਾਫੀ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਸ਼ਾਮ ਨੂੰ ਖ਼ਬਰ ਆਈ ਕਿ ਮਮਤਾ ਬੈਨਰਜੀ ਜਿੱਤ ਗਈ ਹੈ। ਹਾਲਾਂਕਿ ਇਸ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਮਮਤਾ ਬੈਨਰਜੀ, ਭਾਜਪਾ ਦੇ ਸੁਵੇਂਦੂ ਅਧਿਕਾਰੀ ਤੋਂ 1957 ਵੋਟਾਂ ਨਾਲ ਹਾਰ ਗਈ ਹੈ। ਅਜੇ ਸਾਰਿਆਂ ਨੂੰ ਅਧਿਕਾਰਿਤ ਨਤੀਜੇ ਦੀ ਉਡੀਕ ਹੈ। ਟੀਐੱਮਸੀ ਨੇ ਨੰਦੀਗ੍ਰਾਮ 'ਚ ਦੁਬਾਰਾ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਹੈ। ਮਮਤਾ ਨੇ ਇਸ ਬਾਰੇ ਕਿਹਾ ਕਿ ਨੰਦੀਗ੍ਰਾਮ 'ਚ ਗੜਬੜੀ ਖ਼ਿਲਾਫ਼ ਉਹ ਅਦਾਲਤ 'ਚ ਜਾਵੇਗੀ। ਇਸ ਤੋਂ ਪਹਿਲਾਂ ਮਮਤਾ ਨੇ ਇਹ ਵੀ ਕਿਹਾ ਸੀ ਕਿ ਨੰਦੀਗ੍ਰਾਮ 'ਚ ਜੋ ਹੋਇਆ, ਭੁੱਲ ਜਾਓ। ਅਸੀਂ ਪੂਰੇ ਬੰਗਾਲ 'ਚ ਜਿੱਤੇ ਹਾਂ। ਨੰਦੀਗ੍ਰਾਮ ਦੇ ਲੋਕ ਜੋ ਵੀ ਫ਼ੈਸਲਾ ਕਰਨਗੇ, ਮੈਂ ਉਸ ਨੂੰ ਸਵੀਕਾਰ ਕਰਦੀ ਹਾਂ। ਮਮਤਾ ਨੇ ਸਾਰਿਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਇਹ ਵੀ ਕਿਹਾ ਕਿ ਅਸੀਂ ਕੋਰੋਨਾ ਕਾਰਨ ਅਜੇ ਜਿੱਤ ਦਾ ਜਸ਼ਨ ਨਹੀਂ ਮਨਾਵਾਂਗੇ। ਕੋਰੋਨਾ 'ਤੇ ਕੰਟਰੋਲ ਸਾਡੀ ਪਹਿਲ ਹੋਵੇਗੀ।

ਮੋਦੀ ਸਰਕਾਰ ਤੇ ਚੋਣ ਕਮਿਸ਼ਨ 'ਤੇ ਸਾਧਿਆ ਨਿਸ਼ਾਨਾ

ਮਮਤਾ ਨੇ ਮੋਦੀ ਸਰਕਾਰ ਤੇ ਚੋਣ ਕਮਿਸ਼ਨ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਜ਼ਰੀਏ ਦਬਾਅ ਬਣਾਇਆ ਗਿਆ। ਪੈਸੇ ਤੇ ਬਲ ਤੋਂ ਲੈ ਕੇ ਬਾਹੁਬਲ, ਕੇਂਦਰੀ ਏਜੰਸੀਆਂ ਆਦਿ ਸਾਰਿਆਂ ਦੀ ਦੁਰਵਰਤੋਂ ਕੀਤੀ ਗਈ ਪਰ ਬੰਗਾਲ ਦੀ ਜਨਤਾ ਨੇ ਇਸ ਨੂੰ ਖ਼ਾਰਜ ਕਰ ਦਿੱਤਾ।

ਸਾਰਿਆਂ ਨੂੰ ਮੁਫ਼ਤ ਵੈਕਸੀਨ ਨਾ ਦੇਣ 'ਤੇ ਧਰਨੇ 'ਤੇ ਬੈਠਣ ਦਾ ਐਲਾਨ : ਮਮਤਾ ਨੇ ਕੇਂਦਰ ਦੇ ਸਾਹਮਣੇ ਇਕ ਵਾਰ ਫਿਰ ਦੇਸ਼ ਦੇ ਸਾਰੇ ਲੋਕਾਂ ਨੂੰ ਮੁਫ਼ਤ ਵੈਕਸੀਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਮਮਤਾ ਨੇ ਐਲਾਨ ਕੀਤਾ ਕਿ ਜੇ ਕੇਂਦਰ ਸਰਕਾਰ ਉਨ੍ਹਾਂ ਦੀ ਇਹ ਮੰਗ ਨਹੀਂ ਮੰਨਦੀ ਤਾਂ ਉਹ ਕੋਲਕਾਤਾ 'ਚ ਇਸ ਖ਼ਿਲਾਫ਼ ਧਰਨੇ 'ਤੇ ਬੈਠੇਗੀ।

Posted By: Seema Anand