ਸਟੇਟ ਬਿਊਰੋ, ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਵਿਚ ਸੱਤਵੇਂ ਪੜਾਅ 'ਚ ਮੁਰਸ਼ਿਦਾਬਾਦ ਜ਼ਿਲ੍ਹੇ ਦੀਆਂ 9 ਵਿਧਾਨ ਸਭਾ ਸੀਟਾਂ 'ਤੇ ਸੋਮਵਾਰ ਨੂੰ ਮਤਦਾਨ ਹੋਣਾ ਹੈ। ਉਸ ਤੋਂ ਪਹਿਲਾਂ ਸ਼ਨਿਚਰਵਾਰ ਦੀ ਰਾਤ ਨੂੰ ਹੀ ਜ਼ਿਲ੍ਹੇ ਦੇ ਡੋਮਕਲ ਵਿਧਾਨ ਸਭਾ ਖੇਤਰ ਵਿਚ ਤਿ੍ਣਮੂਲ ਅਤੇ ਮਾਕਪਾ ਸਮਰਥਕਾਂ ਵਿਚਾਲੇ ਕਾਫ਼ੀ ਸੰਘਰਸ਼ ਹੋਇਆ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ।

ਸ਼ਨਿਚਰਵਾਰ ਰਾਤ ਨੂੰ ਡੋਮਕਲ ਦੇ ਵਾਰਡ ਨੰਬਰ-15 ਦੇ ਸੇਖਲੀਪਾੜਾ ਵਿਚ ਦੋਵੇਂ ਪਾਰਟੀ ਦੇ ਵਰਕਰਾਂ ਵਿਚਾਲੇ ਕੁੱਟਮਾਰ ਹੋਈ। ਮਾਕਪਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਰਕਰਾਂ 'ਤੇ ਅਚਾਨਕ ਤਿ੍ਣਮੂਲ ਸਮਰਥਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਵਰਕਰਾਂ ਨੂੰ ਬਾਂਸ ਅਤੇ ਰਾਡਾਂ ਨਾਲ ਕੁੱਟਿਆ ਗਿਆ। ਹਮਲੇ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਬਾਅਦ ਸਥਾਨਕ ਲੋਕਾਂ ਦੇ ਆਉਣ 'ਤੇ ਉਹ ਲੋਕ ਭੱਜ ਨਿਕਲੇ। ਇਲਾਕੇ ਵਿਚ ਇਸ ਘਟਨਾ ਤੋਂ ਬਾਅਦ ਤੋਂ ਹੀ ਤਣਾਅ ਹੈ। ਖ਼ਬਰ ਮਿਲਦੇ ਹੀ ਪੁਲਿਸ ਤੇ ਕੇਂਦਰੀ ਬਲ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਗਸ਼ਤ ਤੇਜ਼ ਕਰ ਦਿੱਤੀ ਹੈ।

ਉਥੇ ਸ਼ਨਿਚਰਵਾਰ ਰਾਤ ਨੂੰ ਕੋਲਕਾਤਾ ਦੇ ਮਾਨਿਕਤੱਲਾ ਇਲਾਕੇ ਦੇ ਮੁਰਾਰੀਪੁਕੁਰ ਖੇਤਰ ਵਿਚ ਤਿ੍ਣਮੂਲ ਦੀਆਂ ਮਹਿਲਾ ਵਰਕਰਾਂ ਨਾਲ ਛੇੜਖਾਨੀ ਦੇ ਦੋਸ਼ ਭਾਜਪਾ ਵਰਕਰਾਂ 'ਤੇ ਲੱਗੇ ਹਨ। ਇਸਦੇ ਮੱਦੇਨਜ਼ਰ ਐਤਵਾਰ ਨੂੰ ਵੀ ਖੇਤਰ ਵਿਚ ਤਣਾਅ ਦਾ ਮਾਹੌਲ ਹੈ। ਸਥਿਤੀ ਨੂੰ ਦੇਖਦੇ ਹੋਏ ਇਲਾਕੇ ਵਿਚ ਪੁਲਿਸ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।

ਸਥਾਨਕ ਸੂਤਰਾਂ ਮੁਤਾਬਕ, ਮਾਨਿਕਪੁਰ ਬਾਜ਼ਾਰ ਵਿਚ ਫਲ ਖ਼ਰੀਦਣ ਲਈ ਤਿ੍ਣਮੂਲ ਦੀਆਂ ਦੋ ਮਹਿਲਾ ਵਰਕਰਾਂ ਗਈਆਂ ਸਨ। ਦੋਸ਼ ਹੈ ਕਿ ਫਲ ਵਿਕਰੇਤਾ ਅਤੇ ਉਸ ਦੇ ਦੋਸਤਾਂ ਨੇ ਕਥਿਤਰ ਤੌਰ 'ਤੇ ਔਰਤਾਂ ਨਾਲ ਛੇੜਖਾਨੀ ਕੀਤੀ। ਦਾਅਵਾ ਹੈ ਕਿ ਅਜਿਹਾ ਕਰਨ ਵਾਲੇ ਸਾਰੇ ਭਾਜਪਾ ਵਰਕਰ ਹਨ, ਜਿਸ ਤੋਂ ਬਾਅਦ ਤਿ੍ਣਮੂਲ ਵਰਕਰ ਉਨ੍ਹਾਂ ਖ਼ਿਲਾਫ਼ ਥਾਣੇ ਵਿਚ ਐੱਫਆਈਆਰ ਦਰਜ ਕਰਵਾਉਣ ਜਾ ਰਹੇ ਸਨ। ਉਸੇ ਸਮੇਂ ਥਾਣੇ ਦੇ ਸਾਹਮਣੇ ਭਾਜਪਾ ਵਰਕਰ ਵੀ ਇਕੱਠੇ ਹੋ ਗਏ। ਦੋਸ਼ ਹੈ ਕਿ ਪੁਲਿਸ ਦੇ ਸਾਹਮਣੇ ਹੀ ਤਿ੍ਣਮੂਲ ਵਰਕਰਾਂ ਨੇ ਭਾਜਪਾ ਵਰਕਰਾਂ ਨੂੰ ਕੁੱਟਿਆ, ਜਿਸ ਤੋਂ ਬਾਅਦ ਭੜਕੇ ਭਾਜਪਾ ਵਰਕਰਾਂ ਨੇ ਵੀ ਪੁਲਿਸ ਦੀਆਂ ਗੱਡੀਆਂ ਵਿਚ ਭੰਨਤੋੜ ਕੀਤੀ। ਇਸ ਤੋਂ ਬਾਅਦ ਦੇਰ ਰਾਤ ਤਕ ਪੁਲਿਸ ਨੇ ਇਲਾਕੇ ਵਿਚ ਛਾਪੇਮਾਰੀ ਕਰਕੇ ਭਾਜਪਾ ਦੇ ਕਈ ਵਰਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ।