ਏਜੰਸੀਆਂ, ਨਵੀਂ ਦਿੱਲੀ : ਰਾਜਧਾਨੀ ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਕ ਵਾਰ ਫਿਰ ਕਈ ਸੂਬਿਆਂ ’ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਨੇ ਆਪਣੇ ਨਵੇਂ ਮੌਸਮ ਅਪਡੇਟ ’ਚ ਕਿਹਾ ਕਿ ਗੁਜਰਾਤ, ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ’ਚ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। 19 ਸਤੰਬਰ ਭਾਵ ਐਤਵਾਰ ਤੋਂ ਗੁਜਰਾਤ ’ਚ ਬਾਰਿਸ਼ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ। 19 ਤੋਂ 21 ਸਤੰਬਰ ਦੌਰਾਨ ਗੁਜਰਾਤ ਸੂਬੇ ਅਤੇ ਪੂਰਬੀ ਰਾਜਸਥਾਨ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਈਐੱਮਡੀ ਨੇ ਅਗਲੇ 24 ਘੰਟਿਆਂ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ’ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ ਇਸਤੋਂ ਬਾਅਦ ਇਸ ’ਚ ਕਮੀ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। 19 ਤੋਂ 21 ਸਤੰਬਰ ਦੌਰਾਨ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ, ਅਗਲੇ 5 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਬਾਕੀ ਹਿੱਸਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਗਤੀਵਿਧੀ ਦੀ ਸੰਭਾਵਨਾ ਬਣੀ ਹੋਈ ਹੈ। ਇਸਦੇ ਨਾਲ ਹੀ 18 ਤੋਂ 20 ਸਤੰਬਰ ਤਕ ਉਡੀਸ਼ਾ ਅਤੇ ਪੱਛਮੀ ਬੰਗਾਲ ਦੇ ਕਈ ਹਿੱਸਿਆਂ ’ਚ ਵਿਆਪਕ ਰੂਪ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

Posted By: Ramanjit Kaur