ਜੇਐੱਨਐੱਨ, ਨਵੀਂ ਦਿੱਲੀ : ਅੱਜਕਲ੍ਹ ਮੌਸਮੀ ਗਤੀਵਿਧੀਆਂ ਸਮਝ ਤੋਂ ਪਰ੍ਹੇ ਹਨ। ਕਦੀ ਤੇਜ਼ ਧੁੱਪ ਤਾਂ ਕਦੀ ਮੌਸਮ 'ਚ ਠੰਢਕ ਵਧਦੀ ਜਾ ਰਹੀ ਹੈ। ਮਾਰਚ ਮਹੀਨਾ ਸ਼ੁਰੂ ਤੋਂ ਹੀ ਅਜਿਹਾ ਰਿਹਾ ਹੈ, ਪਹਿਲਾਂ ਬਾਰਿਸ਼ ਹੋਈ ਤਾਂ ਉਸ ਤੋਂ ਬਾਅਦ ਕਈ ਜਗ੍ਹਾ ਤੇਜ਼ ਹਵਾਵਾਂ ਨੇ ਮੌਸਮ ਵਿਗਾੜ ਰੱਖਿਆ ਹੈ। ਕਈ ਜਗ੍ਹਾ ਗੜੇਮਾਰੀ ਵੀ ਹੋ ਰਹੀ ਹੈ ਤੇ ਫਿਲਹਾਲ ਮੌਸਮ ਇੰਝ ਹੀ ਖ਼ਰਾਬ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (India Meteorological Department) ਨੇ ਕੁੱਲ ਪੰਜ ਦਿਨਾਂ ਦਾ ਅਲਰਟ ਬੁਲੇਟਿਨ ਜਾਰੀ ਕੀਤਾ ਹੈ। ਇਸ ਵਿਚ ਬਾਰਿਸ਼ ਦੇ ਨਾਲ ਗੜੇਮਾਰੀ ਤੇ ਹਨੇਰੀ-ਝੱਖੜ ਦਾ ਵੱਡਾ ਖ਼ਤਰਾ ਦੱਸਿਆ ਗਿਆ ਹੈ।

ਮੌਸਮ ਵਿਭਾਗ ਅਨੁਸਾਰ, ਪੱਛਮੀ ਬੰਗਾਲ 'ਚ ਅਲੱਗ-ਅਲੱਗ ਥਾਵਾਂ 'ਤੇ ਗੜੇਮਾਰੀ ਦੇ ਨਾਲ-ਨਾਲ ਬਿਜਲੀ ਚਮਕਣ ਤੇ 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਤੇ ਝਾਰਖੰਡ 'ਚ 30-40 ਕਿਲੋਮੀਟਰ ਪ੍ਰਤੀ ਘੰਟੇ ਤਕ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਬਿਜਲੀ ਚਮਕਣ ਦੇ ਨਾਲ ਗੜੇਮਾਰੀ ਦੀ ਆਸ ਲਗਾਈ ਗਈ ਹੈ। ਉੱਥੇ ਹੀ ਪੂਰਬੀ ਉੱਤਰ ਪ੍ਰਦੇਸ਼, ਉਪ-ਹਿਮਾਲਿਆ ਪੱਛਮੀ ਬੰਗਾਲ ਤੇ ਸਿੱਕਮ ਤੇ ਓਡੀਸ਼ਾ 'ਚ ਅਲੱਗ-ਅਲੱਗ ਥਾਵਾਂ 'ਤੇ ਬਿਜਲੀ ਚਮਕਣ ਦੇ ਨਾਲ ਹਨੇਰੀ ਤੂਫ਼ਾਨ ਆਵੇਗਾ ਤੇ ਬਿਹਾਰ, ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ ਤੇ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ 'ਚ ਮੌਸਮ ਖ਼ਰਾਬ ਰਹੇਗਾ।

ਤਾਮਿਲਨਾਡੂ ਤੇ ਮੱਧ ਪ੍ਰਦੇਸ਼ 'ਚ ਵੀ 17-18 ਮਾਰਚ ਦੇ ਆਸਪਾਸ ਮੌਸਮ ਵਿਗੜਨ ਦਾ ਅਨੁਮਾਨ ਲਗਾਇਆ ਗਿਆ ਹੈ। ਉੱਥੇ ਹੀ ਫਿਲਹਾਲ ਝਾਰਖੰਡ 'ਚ ਅਲੱਗ-ਅਲੱਗ ਥਾਵਾਂ 'ਤੇ ਜ਼ਬਰਦਸਤ ਬਾਰਿਸ਼ ਦੀ ਸੰਭਾਵਨਾ ਹੈ।

Posted By: Seema Anand