ਜੇਐੱਨਐੱਨ, ਨਵੀਂ ਦਿੱਲੀ : ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਤੇ ਗੜਬੜੀ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ ਬੀਤੇ 24 ਘੰਟਿਆਂ 'ਚ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਬਰਫ਼ਬਾਰੀ ਤੇ ਬਾਰਿਸ਼ ਦਰਜ ਕੀਤੀ ਗਈ। ਇਹੀ ਨਹੀਂ ਉੱਤਰੀ ਤੇ ਪੱਛਮੀ ਰਾਜਸਥਾਨ, ਉੱਤਰੀ ਪੰਜਾਬ, ਗੁਜਰਾਤ ਦੇ ਨਾਲ-ਨਾਲ ਦੱਖਣੀ ਆਂਧਾਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਨਾਲ ਉੱਤਰੀ ਭਾਰਤ ਇਕ ਵਾਰ ਫਿਰ ਕੜਾਕੇ ਦੀ ਠੰਢ ਦੀ ਲਪੇਟ 'ਚ ਆ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ 'ਚ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਮੱਧਤਮ ਬਰਫ਼ਬਾਰੀ ਤੇ ਬਾਰਿਸ਼ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਪ੍ਰਸ਼ਾਸਨ ਵੱਲੋਂ ਉੱਚੇ ਇਲਾਕਿਆਂ 'ਚ ਬਰਫ਼ ਦੇ ਤੋਦੇ ਡਿੱਗਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਉੱਚੇ ਇਲਾਕਿਆਂ 'ਚ ਬਰਫ਼ ਦੇ ਤੋਦੇ ਡਿੱਗਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਓਧਰ ਦਿੱਲੀਓਂ ਹੋ ਕੇ ਆਉਣ-ਜਾਣ ਵਾਲੀਆਂ 15 ਟ੍ਰੇਨਾਂ ਧੁੰਦ ਕਾਰਨ ਲੇਟ ਚੱਲ ਰਹੀਆਂ ਹਨ।

ਕਸ਼ਮੀਰ ਘਾਟੀ ਦਾ ਸੰਪਰਕ ਕੱਟਿਆ

ਕਸ਼ਮੀਰ ਘਾਟੀ 'ਚ ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਤੇ ਬਰਫ਼ਬਾਰੀ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ। ਆਲਮ ਇਹ ਹੈ ਕਿ ਕਸ਼ਮੀਰ ਘਾਟੀ ਦਾ ਬਾਕੀ ਦੁਨੀਆਂ ਨਾਲੋਂ ਹਵਾਈ ਤੇ ਸੜਕ ਸੰਪਰਕ ਕੱਟਿਆ ਗਿਆ ਹੈ। ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਪ੍ਰਸਿੱਧ ਸੈਰ-ਸਪਾਟਾ ਵਾਲੀ ਜਗ੍ਹਾ ਗੁਲਮਰਗ 'ਚ ਸੋਮਵਾਰ ਨੂੰ ਬਰਫ਼ ਦੇ ਤੋਦਿਆਂ ਦੀ ਲਪੇਟ 'ਚ ਆਉਣ ਨਾਲ ਫ਼ੌਜ ਦਾ ਇਕ ਜਵਾਨ ਲਾਪਤਾ ਹੋ ਗਿਆ। ਗੁਲਮਰਗ 'ਚ ਪੰਜ ਫੁੱਟ ਤੋਂ ਜ਼ਿਆਦਾ ਬਰਫ਼ ਜਮ੍ਹਾਂ ਹੋ ਗਈ ਹੈ।

ਹਿਮਾਚਲ ਪ੍ਰਦੇਸ਼ 'ਚ ਔਰੇਂਜ ਅਲਰਟ

ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਜਾਰੀ ਹੈ ਜਿਸ ਨਾਲ ਸੂਬੇ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਭਾਰੀ ਬਰਫ਼ਬਾਰੀ ਤੇ ਉਚਾਈ ਵਾਲੇ ਇਲਾਕਿਆਂ 'ਚ ਨਾ ਜਾਣ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਭਾਰੀ ਬਰਫ਼ਬਾਰੀ ਤੇ ਗੜੇਮਾਰੀ ਦਾ ਔਰੇਂਜ ਐਲਰਟ ਜਾਰੀ ਕੀਤਾ ਹੈ। ਹਾਲਾਂਕਿ 15 ਜਨਵਰੀ ਨੂੰ ਮੌਸਮ ਕੁਝ ਰਾਹਤ ਦੇ ਸਕਦਾ ਹੈ ਫਿਰ ਵੀ ਉਚਾਈ ਵਾਲੇ ਕੁਝ ਇਲਾਕਿਆਂ 'ਚ ਬਰਫ਼ਬਾਰੀ ਦਾ ਦੌਰ ਜਾਰੀ ਰਹੇਗਾ। ਇਹੀ ਨਹੀਂ 16 ਤੇ 17 ਜਨਵਰੀ ਨੂੰ ਬਰਫ਼ਬਾਰੀ ਤੇ ਬਾਰਿਸ਼ ਦੇ ਆਸਾਰ ਹਨ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਬਰਫ਼ ਪਿਘਲਣ ਨਾਲ ਹੀ ਲੋਕਾਂ ਨੂੰ ਲਗਾਤਾਰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਵੇਗਾ।

Posted By: Seema Anand