ਨਵੀਂ ਦਿੱਲੀ: ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਐਤਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ 'ਚ ਮੀਂਹ ਕਾਰਨ ਕਰੀਬ 31 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਯਮੁਨਾ ਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੁਣ ਦਿੱਲੀ, ਹਰਿਆਣਾ, ਪੰਜਾਬ ਤਾ ਉੱਤਰ ਪ੍ਰਦੇਸ਼ 'ਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਇਸ ਤੋਂ ਬਾਅਦ ਸਾਰੇ ਸੂਬਿਆਂ 'ਚ ਮੌਸਮ ਅਲਾਰਟ ਜਾਰੀ ਕਰ ਦਿੱਤੀ ਗਿਆ ਹੈ।


ਉੱਤਰਾਖੰਡ ਦੇ ਮੋਰੀ ਤਹਿਸੀਲ 'ਚ ਬੱਦਲ ਫੱਟਣ ਕਾਰਨ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਹੁਣ ਤਕ ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਤਿੰਨ ਮੈਡੀਕਲ ਟੀਮਾਂ ਵੀ ਉੱਥੇ ਪਹੁੰਚ ਚੁੱਕੀਆਂ ਹਨ।


ਹਥਨੀ ਕੁੰਡ ਬੈਰਾਜ ਤੋਂ ਛੱਡੇ ਗਏ 8 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਦਿੱਲੀ 'ਚ ਯਮੁਨਾ ਨਦੀ ਖ਼ਤਰੇ ਦਾ ਨਿਸ਼ਾਨ ਪਾਰ ਕਰ ਗਈ ਹੈ। ਇਸ ਕਾਰਨ ਹੁਣ ਦਿੱਲੀ 'ਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅੱਜ ਯਮੁਨਾ ਦੇ ਪਾਣੀ ਦਾ ਪੱਧਰ 204.70 ਮੀਟਰ ਰਿਕਾਰਡ ਕੀਤਾ ਗਿਆ ਜਦਕਿ ਚਿਤਾਵਨੀ ਦਾ ਪੱਧਰ 204.50 ਮੀਟਰ ਹੈ।

ਇਸ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਨਦੀ ਦੇ ਕਿਨਾਰੇ ਵੱਸੇ ਇਲਾਕਿਆਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਕੰਮ ਲਈ ਸਿਵਲ ਡਿਫੈਂਸ ਵਲੰਟੀਅਰ ਨੂੰ ਤਾਇਨਾਤ ਕੀਤਾ ਗਿਆ ਹੈ।

Posted By: Akash Deep