ਨਵੀਂ ਦਿੱਲੀ : ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਕੁਝ ਥਾਵਾਂ 'ਤੇ ਅਗਲੇ ਦੋ ਦਿਨਾਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ 'ਚ ਕਿਹਾ ਗਿਆ ਕਿ ਦਿੱਲੀ ਦੇ ਬਾਕੀ ਇਲਾਕਿਆਂ ਤੇ ਆਸ-ਪਾਸ ਦੇ ਖੇਤਰਾਂ 'ਚ ਮੀਂਹ ਦਾ ਅਨੁਮਾਨ ਹੈ। ਮੌਸਮ ਵਿਭਾਗ ਅਨੁਸਾਰ 21, 22 ਤੇ 24 ਜੁਲਾਈ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਰਾਜਧਾਨੀ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁਝ ਖੇਤਰਾਂ 'ਚ ਤੇਜ਼ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਉੱਥੇ ਹੀ ਜੰਮੂ-ਕਸ਼ਮੀਰ 'ਚ ਅਨੇਕਾਂ ਥਾਵਾਂ 'ਤੇ ਹਲਕੀ ਬਾਰਿਸ਼ ਤੇ ਹਿਮਾਚਲ ਪ੍ਰਦੇਸ਼ 'ਚ ਅਨੇਕਾਂ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਦਿੱਲੀ, ਹਰਿਆਣਾ, ਪੰਜਾਬ ਤੇ ਉੱਤਰੀ ਰਾਜਸਥਾਨ 'ਚ ਅਨੇਕਾਂ ਥਾਵਾਂ 'ਤੇ ਦਰਮਿਆਨੀ ਬਾਰਿਸ਼ ਤੇ ਇਕ-ਦੋ ਥਾਵਾਂ 'ਤੇ ਭਾਰੀ ਬਾਰਿਸ਼ ਹੋਵੇਗੀ। ਬਾਕੀ ਰਾਜਸਥਾਨ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਮਹਾਰਾਸ਼ਟਰ 'ਚ ਅਗਲੇ ਤਿੰਨ ਘੰਟਿਆਂ ਦੌਰਾਨ ਇਨ੍ਹਾਂ ਇਲਾਕਿਆਂ 'ਚ ਹੋਵੇਗੀ ਬਾਰਿਸ਼

ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਦੌਰਾਨ ਰਾਏਗੜ੍ਹ, ਪੁਣੇ, ਨਾਸਿਕ, ਅਹਿਮਦਨਗਰ, ਜਲਗਾਓਂ, ਔਰੰਗਾਬਾਦ ਤੇ ਉਸਮਾਨਾਬਾਦ ਜ਼ਿਲ੍ਹਿਆਂ 'ਚ ਅਲੱਗ-ਅਲੱਗ ਥਾਵਾਂ 'ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

ਹਰਿਆਣਾ ਤੇ ਆਸ-ਪਾਸ ਦੇ ਖੇਤਰਾਂ 'ਚ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਅਗਲੇ ਦੋ ਘੰਟਿਆਂ ਦੌਰਾਨ ਕੈਥਲ, ਕਰਨਾਲ, ਹਿਸਾਰ, ਜੀਂਦ, ਨਰਵਾਣਾ, ਪਾਨੀਪਤ, ਕੁਰੂਕਸ਼ੇਤਰ, ਮੁਜ਼ੱਫਰਨਗਰ, ਬਿਜਨੌਰ ਦੇ ਆਸ-ਪਾਸ ਦੇ ਖੇਤਤਰਾਂ 'ਚ 20-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਨਾਲ ਮੀਂਹ ਦੀ ਸੰਭਾਵਨਾ ਹੈ।

ਉਤਰਾਖੰਡ 'ਚ ਜ਼ਮੀਨ ਖਿਸਕੀ, ਐੱਨਐੱਚ-07 ਬੰਦ

ਉਤਰਾਖੰਡ ਦੇ ਚਮੋਲੀ 'ਚ ਪੀਪਲਕੋਟੀ ਕੋਲ ਜ਼ਮੀਨ ਖਿਸਕਣ ਕਾਰਨ ਐੱਨਐੱਚ-7 (ਐੱਨਐੱਚ-07) ਨੂੰ ਬੰਦ ਕੀਤਾ ਗਿਆ ਹੈ। ਸੜਕ ਬੰਦ ਹੋਣ ਨਾਲ ਦੋਵਾਂ ਪਾਸੇ ਵਾਹਨਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ।

ਆਸਾਮ 'ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਹੁਣ 123 ਲੋਕਾਂ ਦੀ ਮੌਤ

ਆਸਾਮ 'ਚ ਹੜ੍ਹ ਦਾ ਰੂਪ ਹੋਰ ਵਿਕਰਾਲ ਹੁੰਦਾ ਜਾ ਰਿਹਾ ਹੈ। ਸੋਮਵਾਰ ਨੂੰ ਛੇ ਹੋਰ ਲੋਕਾਂ ਦੀ ਮੌਤ ਨਾਲ ਹੜ੍ਹ, ਬਾਰਿਸ਼ ਨਾਲ ਜ਼ਮੀਨ ਖਿਸਕਣ ਤੇ ਹੋਰ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ 123 ਹੋ ਗਈ ਹੈ। ਸੀਐੱਮ ਸਰਬਾਨੰਦ ਸੋਨੋਵਾਲ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਤਕ 70 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਪਰ ਅਸੀਂ ਇਸ ਮੁਸੀਬਤ ਦਾ ਡਟ ਕੇ ਸਾਹਮਣਾ ਕਰ ਰਹੇ ਹਾਂ। ਇਸ ਆਫ਼ਤ ਤੋਂ ਅਸੀਂ ਜਿੱਤਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਪੀੜਤਾਂ ਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੀ ਹੈ।

ਛੇ ਜ਼ਿਲ੍ਹਿਆਂ 'ਚ ਹੜ੍ਹ ਦੀ ਸੰਭਾਵਨਾ, ਅਲਰਟ ਜਾਰੀ

ਨੇਪਾਲ ਤੇ ਗੰਡਕ ਨਦੀ 'ਚ ਪਾਣੀ ਦਾ ਪੱਧਰ ਵਧਣ ਨਾਲ ਪੱਛਮੀ ਚੰਪਾਰਣ, ਗੋਪਾਲਗੰਜ, ਮੁਜ਼ੱਫਰਪੁਰ, ਵੈਸ਼ਾਲੀ ਤੇ ਸਾਰਣ ਜ਼ਿਲ੍ਹੇ 'ਚ ਹੜ੍ਹ ਦੀ ਸਥਿਤੀ ਬਣ ਸਕਦੀ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਆਫ਼ਤ ਪ੍ਰਬੰਧਨ ਵਿਭਾਗ ਤੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ 'ਚ ਤੀਸਰੇ ਦਿਨ ਵੀ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼

ਪੰਜਾਬ 'ਚ ਤਿੰਨ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਸੋਮਵਾਰ ਨੂੰ ਵੀ ਕਈ ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼ ਹੋਈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਬਾਰਿਸ਼ ਨੇ ਫਿਰੋਜ਼ਪੁਰ 'ਚ ਪਾਣੀ-ਪਾਣੀ ਕਰ ਦਿੱਤਾ। ਇੱਥੇ ਕੁਝ ਹੀ ਘੰਟਿਆਂ 'ਚ 56 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਬਠਿੰਡਾ 'ਚ ਵੀ 39.8, ਕਪੂਰਥਲਾ 'ਚ 27.5 ਤੇ ਅੰਮ੍ਰਿਤਸਰ 'ਚ 12.8 ਮਿਲੀਮੀਟਰ ਬਾਰਿਸ਼ ਹੋਈ। ਉਥੇ ਹੀ ਚੰਗੀਗੜ੍ਹ 'ਚ ਇਕ, ਲੁਧਿਆਣਾ 'ਚ ਅੱਠ, ਪਠਾਨਕੋਟ 'ਚ 8.8 ਤੇ ਪਟਿਆਲਾ 'ਚ 0.6 ਮਿਲੀਮੀਟਰ ਬਾਰਿਸ਼ ਰਿਕਾਰਡ ਦਰਜ ਕੀਤੀ ਗਈ। ਇਹੀ ਨਹੀਂ, ਜਿਨ੍ਹਾਂ-ਜਿਨ੍ਹਾਂ ਇਲਾਕਿਆਂ 'ਚ ਬਾਰਿਸ਼ ਹੋਈ ਹੈ, ਉਥੇ ਦਿਨ ਦੇ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ।

Posted By: Harjinder Sodhi