ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਗਵਾਹ ਦਾ ਅਦਾਲਤ 'ਚ ਅਜਿਹੇ ਮੁਲਜ਼ਮ ਦੀ ਪਛਾਣ ਕਰਨਾ, ਜਿਸ ਨੂੰ ਉਸ ਨੇ ਪਹਿਲੀ ਵਾਰ ਅਪਰਾਧ ਦੌਰਾਨ ਹੀ ਦੇਖਿਆ ਹੋਵੇ, ਕਮਜ਼ੋਰ ਸਬੂਤ ਹੈ। ਖ਼ਾਸ ਕਰ ਉਸ ਸਥਿਤੀ 'ਚ ਜਦੋਂ ਅਪਰਾਧ ਤੇ ਬਿਆਨ ਦਰਜ ਹੋਣ ਦੀਆਂ ਤਰੀਕਾਂ 'ਚ ਲੰਬਾ ਫ਼ਾਸਲਾ ਹੋਵੇ। ਸੁਪਰੀਮ ਕੋਰਟ ਨੇ ਇਹ ਟਿੱਪਣੀ ਉਨ੍ਹਾਂ ਚਾਰ ਲੋਕਾਂ ਦੀ ਅਪੀਲ 'ਤੇ ਕੀਤੀ, ਜਿਨ੍ਹਾਂ ਨੂੰ ਸਪਿਰਿਟ ਦੀ ਢੁਆਈ ਕਰਨ 'ਤੇ ਕੇਰਲ ਐਕਸਾਈਜ਼ ਐਕਟ ਦੀ ਧਾਰਾ 55(ਏ) ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਇਸਤਗਾਸਾ ਪੱਖ ਦਾ ਦੋਸ਼ ਸੀ ਕਿ ਚਾਰਾਂ ਲੋਕਾਂ ਨੇ ਇਕ ਟਰੱਕ 'ਚ ਪਲਾਸਟਿਕ ਦੇ 174 ਡੱਬਿਆਂ 'ਚ 6090 ਲੀਟਰ ਸਪਿਰਿਟ ਦੀ ਬਿਨਾਂ ਇਜਾਜ਼ਤ ਢੁਆਈ ਕੀਤੀ ਤੇ ਟਰੱਕ ਦਾ ਰਜਿਸਟ੍ਰੇਸ਼ਨ ਨੰਬਰ ਨਕਲੀ ਸੀ। ਸੁਪਰੀਮ ਕੋਰਟ ਨੇ ਇਕ ਗਵਾਹ ਦੀ ਗਵਾਹੀ ਨੂੰ ਖ਼ਾਰਜ ਕਰ ਦਿੱਤਾ, ਕਿਉਂਕਿ ਉਸ ਨੇ ਕਿਹਾ ਸੀ ਕਿ ਉਹ ਅਜਿਹੇ ਲੋਕਾਂ ਦੀ ਪਛਾਣ ਕਰਨ 'ਚ ਸਮਰੱਥ ਨਹੀਂ ਹੈ, ਜਿਨ੍ਹਾਂ ਨੂੰ ਉਸ ਨੇ 11 ਸਾਲ ਪਹਿਲਾਂ ਦੇਖਿਆ ਸੀ।

ਹਾਲਾਂਕਿ, ਗਵਾਹ ਨੇ ਦੋ ਮੁਲਜ਼ਮਾਂ ਨੂੰ ਪਛਾਣ ਲਿਆ ਸੀ, ਜਿਨ੍ਹਾਂ ਨੂੰ ਉਸ ਨੇ ਘਟਨਾ ਦੀ ਤਰੀਕ 'ਤੇ 11 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਪਹਿਲੀ ਵਾਰ ਦੇਖਿਆ ਸੀ। ਜਸਟਿਸ ਅਜੈ ਰਸਤੋਗੀ ਤੇ ਅਭੈ ਐੱਸ ਓਕਾ ਦੀ ਬੈਂਚ ਨੇ ਕਿਹਾ, ਕਿਸੇ ਗਵਾਹ ਵੱਲੋਂ ਅਦਾਲਤ 'ਚ ਅਜਿਹੇ ਮੁਲਜ਼ਮ ਦੀ ਪਛਾਣ ਕਰਨਾ, ਜਿਸ ਨੂੰ ਉਸ ਨੇ ਪਹਿਲੀ ਵਾਰ ਅਪਰਾਧ ਦੌਰਾਨ ਹੀ ਦੇਖਿਆ ਹੋਵੇ, ਕਮਜ਼ੋਰ ਸਬੂਤ ਹੈ। ਖ਼ਾਸਕਰ ਉਦੋਂ ਜਦੋਂ ਅਪਰਾਧ ਤੇ ਬਿਆਨ ਦਰਜ ਹੋਣ ਦੀਆਂ ਤਰੀਕਾਂ 'ਚ ਲੰਬਾ ਵਖਵਾ ਹੋਵੇ।

ਬੈਂਚ ਨੇ ਮੁਲਜ਼ਮਾਂ ਨੂੰ ਬਰੀ ਕਰਦਿਆਂ ਕਿਹਾ, ਇਸਤਗਾਸਾ ਪੱਖ ਨੇ ਟਰੱਕ ਦਾ ਅਸਲੀ ਰਜਿਸਟ੍ਰੇਸ਼ਨ ਨੰਬਰ ਤੇ ਉਸ ਦੇ ਅਸਲੀ ਮਾਲਕ ਬਾਰੇ ਸਬੂਤ ਪੇਸ਼ ਨਹੀਂ ਕੀਤਾ। ਇਸ ਲਈ ਇਸਤਗਾਸਾ ਦਾ ਪੂਰਾ ਮਾਮਲਾ ਸ਼ੱਕੀ ਹੋ ਜਾਂਦਾ ਹੈ।

Posted By: Jatinder Singh