ਨਵੀਂ ਦਿੱਲੀ: ਦੇਸ਼ 'ਚ ਜਿੱਥੇ ਪਾਕਿਸਤਾਨ ਖ਼ਿਲਾਫ਼ ਹਵਾਈ ਫੌਜ ਦੀ ਏਅਰ ਸਟ੍ਰਾਈਕ 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਰਾਜਨੀਤੀ ਬਿਆਨਬਾਜ਼ੀ ਤੇਜ਼ ਹੈ ਉੱਥੇ ਹੀ ਹਵਾਈ ਫੌਜ ਨੇ ਕਿਹਾ ਹੈ ਕਿ ਉਸ ਨੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਹੈ।

ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਹਵਾਈ ਫੌਜ ਦੇ ਚੀਫ ਬੀਐੱਸ ਧਨੋਆ ਨੇ ਏਅਰ ਸਟ੍ਰਾਈਕ ਨਾਲ ਜੁੜੇ ਕਈ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਾਫ਼ ਕਿਹਾ ਕਿ ਹਵਾਈ ਫੌਜ ਇਹ ਗਿਣਦੀ ਹੈ ਕਿ ਉਸ ਨੇ ਦੁਸ਼ਮਣ ਦੇ ਕਿੰਨੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨਹੀਂ।


ਉੱਥੇ ਹੀ ਵਿਰੋਧੀ ਪਾਰਟੀਆਂ ਅਤੇ ਪਾਕਿਸਤਾਨ ਦੁਆਰਾ ਏਅਰ ਸਟ੍ਰਾਈਕ 'ਤੇ ਸਵਾਲ ਉਠਾਏ ਜਾਣ ਅਤੇ ਇਹ ਦਾਅਵਾ ਕੀਤਾ ਜਾਣ 'ਤੇ ਕਿ ਹਵਾਈ ਫੌਜ ਨੇ ਆਪਰੇਸ਼ਨ 'ਚ ਅੱਤਵਾਦੀਆਂ ਦੀ ਬਜਾਏ ਦਰੱਖਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਏਅਰਫੋਰਸ ਚੀਫ ਨੇ ਕਿਹਾ ਕਿ ਜੇਕਰ ਜੰਗਲ 'ਚ ਬੰਬ ਡਿੱਗੇ ਹੁੰਦੇ ਤਾਂ ਪਾਕਿਸਤਾਨ ਜਵਾਬ ਨਹੀਂ ਦਿੰਦਾ। ਸਾਡਾ ਹਮਲਾ ਸਹੀ ਨਿਸ਼ਾਨੇ 'ਤੇ ਲੱਗਿਆ ਤੇ ਇਸੇ ਦਾ ਨਤੀਜਾ ਹੈ ਕਿ ਪਾਕਿਸਤਾਨ ਦਾ ਜਵਾਬ ਆਇਆ। ਨਿਸ਼ਾਨੇ ਤਬਾਹ ਹੋਏ ਤਾਂ ਹੀ ਪਾਕਿ ਬੁਖਲਾਇਆ।


ਪਾਕਿਸਤਾਨ ਤੋਂ ਵਾਪਸ ਆਏ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਇਲਾਜ ਜਾਰੀ ਹੈ। ਉਹ ਦੁਬਾਰਾ ਉਡਣਗੇ ਜਾਂ ਨਹੀਂ ਇਹ ਰਿਪੋਰਟਸ 'ਤੇ ਨਿਰਭਰ ਕਰਦਾ ਹੈ। ਏਜੈਕਟ ਤੋਂ ਬਾਅਦ ਸਰੀਰ ਨੂੰ ਵੱਡਾ ਝਟਕਾ ਲਗਦਾ ਹੈ ਇਸ ਲਈ ਉਨ੍ਹਾਂ ਦੇ ਟੈਸਟ ਜਾਰੀ ਹਨ। ਰਿਪੋਰਟਸ ਜੇਕਰ ਠੀਕ ਆਉਂਦੀਆਂ ਹਨ ਤਾਂ ਅਭਿਨੰਦਨ ਜਲਦ ਹੀ ਉਡਾਣ ਭਰਨ ਲਈ ਵਾਪਸੀ ਕਰਨਗੇ।

Posted By: Akash Deep