ਏਐੱਨਆਈ, ਭੋਪਾਲ : ਮੱਧ ਪ੍ਰਦੇਸ਼ ’ਚ ਕੋਰੋਨਾ ਮਹਾਮਾਰੀ ਦੌਰਾਨ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗਵਾਲੀਅਰ ’ਚ ਕੱਲ੍ਹ ਰਾਤ ਇਕ ਵਾਰਡ ਬੁਆਏ ਨੇ ਕੋਰੋਨਾ ਪੀੜਤ ਔਰਤ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਕੋਰੋਨਾ ਦੇ ਇਲਾਜ ਦੇ ਚੱਲਦਿਆਂ ਇਕ ਹੋਟਲ ’ਚ ਸ਼ਿਫਟ ਕੀਤਾ ਗਿਆ ਸੀ, ਜਿਥੇ ਉਸ ਨਾਲ ਇਹ ਘਟਨਾ ਹੋਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਵਾਲੀਅਰ ਦੀ ਅਡੀਸ਼ਨਲ ਐੱਸਪੀ ਹਿਤਿਕਾ ਨੇ ਦੱਸਿਆ ਕਿ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

ਆਕਸੀਜਨ ਸਪੋਰਟ ’ਤੇ ਸੀ ਕੋਰੋਨਾ ਪੀੜਤਾ

ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹਾ ਵਾਸੀ ਵਿਧਵਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਇਲਾਜ ਲਈ ਉਸਨੂੰ ਗਵਾਲੀਅਰ ਦੇ ਹਸਪਤਾਲ ਰੋਡ ਸਥਿਤ ਲੋਟਸ ਹਸਪਤਾਲ ਦੇ ਕੋਵਿਡ ਸੈਂਟਰ ਗੋਲਡਨ ਵਿਲੇਜ ਹੋਟਲ ’ਚ 16 ਅਪ੍ਰੈਲ ਨੂੰ ਭਰਤੀ ਕਰਵਾਇਆ ਗਿਆ ਸੀ। ਸੰਕ੍ਰਮਿਤ ਹੋਣ ਕਾਰਨ ਔਰਤ ਕੋਲ ਵਾਰਡ ’ਚ ਕੋਈ ਅਟੈਂਡੈਂਟ ਮੌਜੂਦ ਨਹੀਂ ਸੀ। ਸਿਰਫ਼ ਹਸਪਤਾਲ ਦੇ ਸਟਾਫ ਦਾ ਹੀ ਆਉਣਾ ਜਾਣਾ ਸੀ। ਔਰਤ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਸੀ। ਸ਼ਨੀਵਾਰ ਦੀ ਰਾਤ ਨੂੰ ਵਾਰਡ ਬੁਆਏ ਔਰਤ ਦੇ ਕਮਰੇ ’ਚ ਗਿਆ। ਵਾਰਡ-ਬੁਆਏ ਨੇ ਸੰਕ੍ਰਮਿਤ ਔਰਤ ਨੂੰ ਪੁੱਛਿਆ ਕਿ ਉਹ ਕਿਹੋ-ਜਿਹਾ ਮਹਿਸੂਸ ਕਰ ਰਹੀ ਹੈ। ਇਸ ’ਤੇ ਬਿਮਾਰ ਔਰਤ ਨੇ ਕਿਹਾ ਕਿ ਬੇਚੈਨੀ ਮਹਿਸੂਸ ਹੋ ਰਹੀ ਹੈ। ਦੋਸ਼ੀ ਜਾਂਚ ਦੀ ਬਹਾਨੇ ਔਰਤ ਨਾਲ ਗਲ਼ਤ ਹਰਕਤਾਂ ਕਰਨ ਲੱਗਾ। ਇਸਤੋਂ ਬਾਅਦ ਕੋਰੋਨਾ ਪੀੜਤ ਔਰਤ ਨੇ ਸ਼ੋਰ ਮਚਾਇਆ, ਤਾਂ ਉਹ ਉਥੋਂ ਭੱਜ ਗਿਆ। ਇਸ ਤਰ੍ਹਾਂ ਪੂਰੇ ਮਾਮਲੇ ਦਾ ਪਤਾ ਲੱਗਾ।

Posted By: Ramanjit Kaur