ਮੁੰਬਈ (ਪੀਟੀਆਈ) : ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਐੱਚਡੀਆਈਐੱਲ ਦੇ ਦੋ ਸੀਨੀਅਰ ਅਧਿਕਾਰੀਆਂ ਅਤੇ ਪੀਐੱਮਸੀ ਬੈਂਕ ਦੇ ਸਾਬਕਾ ਚੇਅਰਮੈਨ ਦੀ ਹਿਰਾਸਤ 16 ਅਕਤੂਬਰ ਤਕ ਵਧਾ ਦਿੱਤੀ। ਤਿੰਨਾਂ ਨੂੰ ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ) ਬੈਂਕ ਦੇ ਹਜ਼ਾਰਾਂ ਕਰੋੜ ਰੁਪਏ ਦੇ ਬੈਂਕ ਘੁਟਾਲਾ ਮਾਮਲੇ ਵਿਚ ਕੁਝ ਦਿਨ ਪਹਿਲਾਂ ਗਿ੍ਫ਼ਤਾਰ ਕੀਤਾ ਗਿਆ ਸੀ।

ਹਾਊਸਿੰਗ ਡਿਵੈਲਪਮੈਂਟ ਇੰਫ੍ਰਾਸਟ੍ਕਚਰ ਲਿਮਟਿਡ (ਐੱਚਡੀਆਈਐੱਲ) ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਾਕੇਸ਼ ਵਧਾਵਨ, ਉਨ੍ਹਾਂ ਦੇ ਬੇਟੇ ਸਾਰੰਗ ਵਧਾਵਨ ਅਤੇ ਪੀਐੱਮਸੀ ਬੈਂਕ ਦੇ ਸਾਬਕਾ ਚੇਅਰਮੈਨ ਐੱਸ ਵਰਿਆਮ ਸਿੰਘ ਨੂੰ ਸੋਮਵਾਰ ਨੂੰ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਦੀ ਆਰਥਿਕ ਅਪਰਾਧ ਖੋਜ ਸ਼ਾਖਾ (ਈਓਡਬਲਿਊ) ਨੇ ਮੁਲਜ਼ਮਾਂ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਮੈਜਿਸਟ੍ਰੇਟ ਐੱਸਜੀ ਸ਼ੇਖ ਨੇ ਇਨ੍ਹਾਂ ਦਾ ਰਿਮਾਂਡ 16 ਅਕਤੂਬਰ ਤਕ ਵਧਾ ਦਿੱਤਾ।

ਜ਼ਿਕਰਯੋਗ ਹੈ ਕਿ ਵਧਾਵਨ ਪਿਤਾ-ਪੁੱਤਰ ਨੂੰ ਜਿੱਥੇ ਤਿੰਨ ਅਕਤੂਬਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਉਥੇ ਵਰਿਆਮ ਸਿੰਘ ਨੂੰ ਪੀਐੱਮਸੀ ਬੈਂਕ ਵਿਚ ਹੋਏ 4355 ਕਰੋੜ ਰੁਪਏ ਦੇ ਘੁਟਾਲੇ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਪੰਜ ਅਕਤੂਬਰ ਨੂੰ ਫੜਿਆ ਗਿਆ ਸੀ।

ਅਦਾਲਤ ਦੇ ਬਾਹਰ ਜਮ੍ਹਾਂਕਰਤਾਵਾਂ ਨੇ ਕੀਤਾ ਪ੍ਰਦਰਸ਼ਨ

ਮੁਲਜ਼ਮਾਂ ਦੀ ਪੇਸ਼ੀ ਦੌਰਾਨ ਹੀ ਅਦਾਲਤ ਦੇ ਬਾਹਰ ਜਮ੍ਹਾਂਕਰਤਾ ਪ੍ਰਦਰਸ਼ਨ ਕਰ ਰਹੇ ਸਨ। ਉਹ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀ ਹੋਏ ਸਨ, ਜਿਨ੍ਹਾਂ ਵਿਚ 'ਨੋ ਬੇਲ-ਓਨਲੀ ਜੇਲ੍ਹ' ਅਤੇ 'ਵੋਟ ਫਾਰ ਨੋਟਾ' ਵਰਗੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਘੁਟਾਲੇ ਨੂੰ ਆਰਥਿਕ ਅੱਤਵਾਦ ਦੱਸਦੇ ਹੋਏ ਸਰਕਾਰ ਤੋਂ ਛੇਤੀ ਤੋਂ ਛੇਤੀ ਪੈਸਾ ਵਾਪਸ ਦਿਵਾਉਣ ਅਤੇ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕੁਝ ਜਮ੍ਹਾਂਕਰਤਾਵਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਤੋਂ ਲਿਖਤੀ ਭਰੋਸਾ ਮੰਗਿਆ ਕਿ ਉਨ੍ਹਾਂ ਦਾ ਪੈਸਾ ਕਦੋਂ ਵਾਪਸ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹਜ਼ਾਰਾਂ ਕਰੋੜ ਰੁਪਏ ਦੇ ਬੈਂਕ ਘੁਟਾਲਾ ਮਾਮਲੇ ਵਿਚ ਇਨ੍ਹਾਂ ਤਿੰਨ ਮੁਲਜ਼ਮਾਂ ਤੋਂ ਇਲਾਵਾ ਬੈਂਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਜੌਏ ਥਾਮਸ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਪੁਲਿਸ ਰਿਮਾਂਡ 17 ਅਕਤੂਬਰ ਨੂੰ ਖ਼ਤਮ ਹੋਵੇਗਾ।