ਸਟੇਟ ਬਿਊਰੋ, ਕੋਲਕਾਤਾ : ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਗਡ਼੍ਹ ਮੰਨੇ ਜਾਣ ਵਾਲੇ ਤਿੰਨ ਜ਼ਿਲ੍ਹਿਆਂ ਦੱਖਣੀ 24 ਪਰਗਨਾ, ਹੁਗਲੀ ਤੇ ਹਾਵਡ਼ਾ ਦੀਆਂ 31 ਸੀਟਾਂ ’ਤੇ ਤੀਜੇ ਗੇੜ ਦਾ ਮਤਦਾਨ ਮੰਗਲਵਾਰ ਨੂੰ ਹੋਵੇਗਾ। ਸਾਰੀਆਂ 31 ਸੀਟਾਂ ਨੂੰ ਸੰਵੇਦਨਸ਼ੀਲ ਐਲਾਨਦਿਆਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਹੀ ਅਸਾਮ ’ਚ ਤੀਜੇ ਤੇ ਆਖਰੀ ਗੇੜ ਲਈ 40 ਤੇ ਤਾਮਿਲਨਾਡੂ, ਕੇਰਲ ਤੇ ਪੁਡੂਚੇਰੀ ਲਈ ਇਕੋ ਗੇੜ ’ਚ ਕ੍ਰਮਵਾਰ 234, 140 ਤੇ 30 ਸੀਟਾਂ ’ਤੇ ਮਤਦਾਨ ਕਰਵਾਇਆ ਜਾਵੇਗਾ। ਤਾਮਿਲਨਾਡੂ ’ਚ 2998, ਅਸਾਮ ’ਚ 337, ਕੇਰਲ ’ਚ 957 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ 324 ਉਮੀਦਵਾਰ ਮੈਦਾਨ ’ਚ ਹਨ।

ਬੰਗਾਲ ’ਚ ਦੱਖਣੀ 24 ਪਰਗਨਾ ਦੀਆਂ 16, ਹੁਗਲੀ ਦੀਆਂ ਅੱਠ ਤੇ ਹਾਵਡ਼ਾ ਦੀਆਂ ਸੱਤ ਸੀਟਾਂ ’ਤੇ ਕੁੱਲ 78,52,425 ਉਮੀਦਵਾਰਾਂ ਦੀ ਸਿਆਸੀ ਕਿਸਮਤ ਤੈਅ ਕਰਨਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਨੇ ਇਨ੍ਹਾਂ 31 ਸੀਟਾਂ ’ਚੋਂ 29 ’ਤੇ ਕਬਜ਼ਾ ਕੀਤਾ ਸੀ। ਜਿਨ੍ਹਾਂ ’ਚ 24 ਪਰਨਾ ਦੀਆਂ 15, ਹੁਗਲੀ ਦੀਆਂ ਅੱਠ, ਹਾਵਡ਼ਾ ਦੀਆਂ ਛੇ ਸੀਟਾਂ ਸ਼ਾਮਲ ਸਨ। ਹਾਵੜਾ ਤੇ ਦੱਖਣੀ 24 ਪਰਗਨਾ ਦੀ ਇਕ-ਇਕ ਸੀਟ ’ਤੇ ਖੱਬੇ ਪੱਖੀ ਮੋਰਚਾ-ਕਾਂਗਰਸ ਗੱਠਜੋਡ਼ ਨੇ ਜਿੱਤ ਦਰਜ ਕੀਤੀ ਸੀ। ਚੋਣ ਕਮਿਸ਼ਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਤੀਜੇ ਗੇੜ ’ਚ ਕੇਂਦਰੀ ਦਸਤਿਆਂ ਦੀਆਂ 832 ਕੰਪਨੀਆਂ ਦੀ ਤਾਇਨਾਤੀ ਕੀਤੀ ਜਾਵੇਗੀ, ਜਿਨ੍ਹਾਂ ’ਚੋਂ 618 ਕੰਪਨੀਆਂ 10,871 ਬੂਥਾਂ ’ਤੇ ਮੋਰਚਾ ਸੰਭਾਲਣਗੀਆਂ। ਸਭ ਤੋਂ ਜ਼ਿਆਦਾ 307 ਕੰਪਨੀਆਂ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਤਾਇਨਾਤੀ ਹੋਣਗੀਆਂ।

ਇੱਥੇ ਪੈਣਗੀਆਂ ਵੋਟਾਂ

ਸੂਬਾ ਸੀਟਾਂ ਗੇੜ

ਬੰਗਾਲ 31 ਤੀਜਾ (ਪੰਜ ਗੇੜ ਬਾਕੀ)

ਅਸਾਮ 40 ਤੀਜਾ ਤੇ ਆਖਰੀ

ਤਾਮਿਲਨਾਡੂ 234 ਇਕੋ-ਇਕ

ਕੇਰਲ 140 ਇਕੋ-ਇਕ

ਪੁਡੂਚੇਰੀ 30 ਇਕੋ-ਇਕ

ਕੇਰਲ ’ਚ ਖੱਬੇ ਪੱਖੀ, ਕਾਂਗਰਸ ਤੇ ਭਾਜਪਾ ਵਿਚਾਲੇ ਟੱਕਰ

ਕੇਰਲ ’ਚ ਹਾਕਮ ਲੈਫਟ ਡੈਮੋਕ੍ਰੇਟਿਕ ਫਰੰਟ, ਦਿ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ, ਜਿਸ ਦਾ ਕਾਂਗਰਸ ਹਿੱਸਾ ਹੈ ਤੇ ਭਾਜਪਾ ਚੋਣ ਮੈਦਾਨ ’ਚ ਹਨ। ਇਥੇ 140 ਵਿਧਾਨ ਸਭਾ ਸੀਟਾਂ ’ਤੇ ਇਨ੍ਹਾਂ ਤਿੰਨਾਂ ਵਿਚਾਲੇ ਸਖ਼ਤ ਮੁਕਾਬਲਾ ਹੈ। ਸੂਬੇ ਦੇ ਮੁੱਖ ਮੰਤਰੀ ਪਿਨਰਾਈ ਵਿਜਅਨ, ਊਰਜਾ ਮੰਤਰੀ ਐੱਮਐੱਮ ਮਣੀ, ਉੱਚ ਸਿੱਖਿਆ ਮੰਤਰੀ ਕੇਕੇ ਜਲੀਲ ਤੇ ਕਾਂਗਰਸੀ ਆਗੂ ਓਮਨ ਚਾਂਡੀ, ਰਮੇਸ਼ ਚੇਨੀਤਲਾ ਤੇ ਟੀ ਰਾਧਾਕ੍ਰਿਸ਼ਨਣ ਤੇ ਭਾਜਪਾ ਦੇ ਈ ਸ਼੍ਰੀਧਰਨ ਸਮੇਤ ਕਈ ਚਰਚਿਤ ਚਿਹਰੇ ਮੈਦਾਨ ’ਚ ਹਨ।

ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ

ਤਾਮਿਲਨਾਡੂ ’ਚ ਮੁੱਖ ਮੰਤਰੀ ਕੇ ਪਲਾਨੀਸਵਾਮੀ ਦਾ ਸਲੇਮ ਜ਼ਿਲ੍ਹੇ ’ਚ ਏਡਾਪਦੀ ਸੀਟ ਤੋਂ ਮੈਦਾਨ ’ਚ ਹਨ। ਡੀਐੱਮਕੇ ਨੇ ਇੱਥੋਂ ਟੀ ਸੰਪਤ ਕੁਮਾਰ ਨੂੰ ਉਤਾਰਿਆ ਹੈ। ਡੀਐੱਮਕੇ ਮੁਖੀ ਸਟਾਲਿਨ ਕੋਲਾਤੁਰ ਸੀਟ ਤੋਂ ਕਿਸਮਤ ਅਜ਼ਮਾ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਅੰਨਾਡੀਐੱਮਕੇ ਦੇ ਆਦਿ ਰਾਜਾਰਾਮ ਨਾਲ ਹੈ। ਉਪ ਮੁੱਖ ਮੰਤਰੀ ਓ ਪੰਨੀਰਸੇਲਵਮ ਬੋਡੀਨਾਯਾਕਨੂਰ ਤੋਂ ਮੈਦਾਨ ’ਚ ਹਨ ਤੇ ਡੀਐੱਮਕੇ ਨੇ ਇੱਥੋਂ ਤਾਂਗਾ ਤਾਮਿਲਸੇਲਵਮ ਨੂੰ ਉਤਾਰਿਆ ਹੈ। ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਚੇਨਈ ਚੇਪੌਕ-ਤਿਰੁਵਲੀਕੇਨੀ ਤੋਂ ਕਿਸਮਤ ਅਜ਼ਮਾ ਰਹੇ ਹਨ ਤੇ ਉਨ੍ਹਾਂ ਦਾ ਮੁਕਾਬਲਾ ਪੀਐੱਮਕੇ ਦੇ ਉਮੀਦਵਾਰ ਏਵੀਏ ਕਾਸਾਲੀ ਨਾਲ ਹੈ। ਅਦਾਕਾਰ ਤੇ ਐੱਮਐੱਨਐੱਮ ਦੇ ਮੁਖੀ ਕਮਲ ਹਸਨ ਕੋਇੰਬਟੂਰ ਦੱਖਣੀ ਤੋਂ ਚੋਣ ਲਡ਼ ਰਹੇ ਹਨ। ਮੱਛੀ ਪਾਲਣ ਮੰਤਰੀ ਡੀ ਜੈਕੁਮਾਰ ਰੋਇਆਪੁਰਮ ਸੀਟ ਤੋਂ ਡੀਐੱਮਕੇ ਦੇ ਉਮੀਦਵਾਰ ਮੂਰਤੀ ਨਾਲ ਲੋਹਾ ਲੈ ਰਹੇ ਹਨ।

Posted By: Seema Anand