ਜਾਗਰਣ ਬਿਊਰੋ, ਨਵੀਂ ਦਿੱਲੀ : ਪੂਰਬੀ ਲੱਦਾਖ 'ਚ ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) 'ਤੇ ਭਾਰਤ ਤੇ ਚੀਨ ਦੀ ਫ਼ੌਜੀ ਖਿਚੋਤਾਣ ਵਿਚਾਲੇ ਅਮਰੀਕੀ ਕਾਂਗਰਸ ਦੀ ਇਕ ਪ੍ਰਮੁੱਖ ਕਮੇਟੀ ਨੇ ਆਪਣੀ ਰਿਪੋਰਟ 'ਚ ਚੀਨ ਦੀ ਮਨਸ਼ਾ ਨੂੰ ਸਪੱਸ਼ਟ ਕਰਨ ਵਾਲੇ ਤੱਥ ਰੱਖੇ ਹਨ। ਰਿਪੋਰਟ ਮੁਤਾਬਕ, ਸਰਹੱਦ 'ਤੇ ਚੀਨੀ ਫ਼ੌਜੀਆਂ ਦਾ ਕਬਜ਼ਾ ਤੇ ਉਸ ਤੋਂ ਬਾਅਦ ਗਲਵਾਨ ਨਦੀ ਘਾਟੀ 'ਚ ਭਾਰਤੀ ਫ਼ੌਜ ਨਾਲ ਉਨ੍ਹਾਂ ਦੀ ਹਿੰਸਕ ਝੜਪ ਚੀਨ ਸਰਕਾਰ ਦੀ ਸੋਚੀ-ਸਮਝੀ ਸਾਜ਼ਿਸ਼ ਸੀ। ਰਿਪੋਰਟ ਇਸ ਗੱਲ ਦਾ ਇਸ਼ਾਰਾ ਕਰਦੀ ਹੈ ਕਿ ਚੀਨ ਦੇ ਸਿਖਰਲੇ ਆਗੂਆਂ ਨੂੰ ਇਸ ਬਾਰੇ ਪਤਾ ਸੀ। ਗਲਵਾਨ 'ਚ ਹਿੰਸਕ ਝੜਪ ਤੋਂ ਪਹਿਲਾਂ ਹੀ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗ ਨੇ ਚੀਨੀ ਫ਼ੌਜੀਆਂ ਨੂੰ ਇਸ ਸਬੰਧੀ ਅਪੀਲ ਕੀਤੀ ਸੀ।

ਅਮਰੀਕੀ ਕਾਂਗਰਸ ਵੱਲੋਂ ਗਠਿਤ ਕਮਿਸ਼ਨ ਦੀ ਇਹ ਰਿਪੋਰਟ ਮੂਲ ਤੌਰ 'ਤੇ ਅਮਰੀਕਾ ਤੇ ਚੀਨ ਦੇ ਸਬੰਧਾਂ 'ਤੇ ਹੈ, ਪਰ ਇਸ 'ਚ ਭਾਰਤ ਤੇ ਚੀਨ ਵਿਚਾਲੇ ਖਿਚੋਤਾਣ ਨਾਲ ਜੁੜੀਆਂ ਕਈਆਂ ਅਹਿਮ ਗੱਲਾਂ ਵੀ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇ ਚੀਨ ਸਰਕਾਰ ਦਾ ਮਕਸਦ ਭਾਰਤ ਨੂੰ ਸਰਹੱਦੀ ਖੇਤਰਾਂ 'ਚ ਢਾਂਚਾਗਤ ਵਿਕਾਸ ਤੋਂ ਰੋਕਣਾ ਤੇ ਅਮਰੀਕੀ-ਭਾਰਤ ਸਹਿਯੋਗ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਉਸ ਨੂੰ ਸਫਲਤਾ ਨਹੀਂ ਮਿਲੀ ਹੈ।

ਰਿਪੋਰਟ ਮੁਤਾਬਕ, ਕੁਝ ਉਦਾਹਰਣਾਂ ਦੱਸਦੀਆਂ ਹਨ ਕਿ ਚੀਨ ਦੀ ਸਰਕਾਰ ਨੇ ਗਲਵਾਨ 'ਚ ਹਿੰਸਕ ਝੜਪ ਦੀ ਸਾਜ਼ਿਸ਼ ਰਚੀ ਸੀ। ਝੜਪ ਦੇ ਕੁਝ ਦਿਨ ਪਹਿਲਾਂ ਚੀਨ ਦੇ ਰੱਖਿਆ ਮੰਤਰਾਲੇ ਵੇਈ ਫੇਂਗ ਨੇ ਫ਼ੌਜੀਆਂ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਸਥਿਰਤਾ ਨੂੰ ਅੱਗੇ ਵਧਾਉਣ ਲਈ ਲੜਨਾ ਪਵੇਗਾ। ਚੀਨੀ ਸਰਕਾਰ ਦੇ ਮੁੱਖ ਅਖ਼ਬਾਰ ਗਲੋਬਲ ਟਾਈਮਜ਼ ਨੇ ਇਕ ਲੇਖ ਰਾਹੀਂ ਭਾਰਤ ਨੂੰ ਧਮਕੀ ਦਿੱਤੀ ਸੀ ਕਿ ਜੇ ਚੀਨ ਨਾਲ ਉਸ ਦੇ ਰਿਸ਼ਤੇ ਵਿਗਾੜੇ ਤਾਂ ਇਹ ਉਸ ਦੇ ਅਰਥਚਾਰੇ ਤੇ ਕਾਰੋਬਾਰ ਲਈ ਬਹੁਤ ਵੱਡਾ ਧੱਕਾ ਹੋਵੇਗਾ।

ਅਮਰੀਕੀ ਕਾਂਗਰਸ 'ਚ ਪੇਸ਼ ਰਿਪੋਰਟ 'ਚ ਭਾਰਤ ਤੇ ਚੀਨ ਵਿਚਾਲੇ ਸਰਹੱਦ 'ਤੇ ਦਹਾਕਿਆਂ ਤੋਂ ਜਾਰੀ ਖਿਚੋਤਾਣ ਦਾ ਜ਼ਿਕਰ ਕਰਦਿਆਂ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਕਿ ਚੀਨ 'ਚ 2012 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਤਾ 'ਚ ਆਉਣ ਤੋਂ ਬਾਅਦ ਦੋਵੇਂ ਦੇਸ਼ਾਂ ਨੂੰ ਘੱਟ ਤੋਂ ਘੱਟ ਪੰਜ ਵਾਰ ਗੰਭੀਰ ਫ਼ੌਜੀ ਖਿਚੋਤਾਣ ਦਾ ਸਾਹਮਣਾ ਕਰਨਾ ਪਿਆ ਹੈ। ਰਿਪੋਰਟ 'ਚ ਕਿਹਾ ਹੈ ਕਿ ਚੀਨ ਨੇ ਭਾਰਤ ਨਾਲ ਹਾਲੇ ਤਣਾਅ ਕਿਉਂ ਪੈਦਾ ਕੀਤਾ ਹੈ, ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਹਾਲ 'ਚ ਭਾਰਤ ਵੱਲੋਂ ਕੁਝ ਰਣਨੀਤਕ ਦਿ੍ਸ਼ਟੀ ਤੋਂ ਬੇਹੱਦ ਉਪਯੋਗੀ ਖੇਤਰਾਂ 'ਚ ਢਾਂਚਾਗਤ ਵਿਕਾਸ ਨੂੰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਚੀਨ ਨੇ ਵੀ ਆਪਣੇ ਹਿੱਸੇ 'ਚ ਵੱਡੇ ਪੈਮਾਨੇ 'ਤੇ ਢਾਂਚਾਗਤ ਵਿਕਾਸ ਕੀਤਾ ਹੈ। ਗਲਵਾਨ ਹਿੰਸਾ ਤੋਂ ਬਾਅਦ ਚੀਨ ਨੇ ਜਿਸ ਤਰ੍ਹਾਂ ਨਾਲ ਸਮੁੱਚੀ ਗਲਵਾਨ ਘਾਟੀ 'ਤੇ ਆਪਣਾ ਦਾਅਵਾ ਠੋਕਿਆ ਹੈ, ਉਹ ਬਹੁਤ ਅਹਿਮ ਹੈ, ਕਿਉਂਕਿ ਇਸ ਨੇ ਹਾਲੇ ਤਕ ਦੀ ਤਾਜ਼ਾ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

ਰਿਪੋਰਟ 'ਚ ਫ਼ੌਜੀ ਖਿਚੋਤਾਣ ਤੋਂ ਬਾਅਦ ਭਾਰਤ ਵੱਲੋਂ ਚੀਨ ਦੀਆਂ ਕੰਪਨੀਆਂ ਖ਼ਿਲਾਫ਼ ਉਠਾਏ ਗਏ ਕਦਮਾਂ ਦਾ ਵੀ ਜ਼ਿਕਰ ਹੈ। ਭਾਰਤ ਨੇ ਚੀਨ ਦੀਆਂ 5ਜੀ ਕੰਪਨੀਆਂ ਨੂੰ ਟ੍ਰਾਇਲ ਤੋਂ ਬਾਹਰ ਰੱਖਣ, ਕਈ ਚੀਨੀ ਐਪ 'ਤੇ ਇਕ-ਇਕ ਕਰ ਕੇ ਪਾਬੰਦੀ ਲਾਉਣ, ਭਾਰਤੀ ਦਵਾਈ ਕੰਪਨੀਆਂ ਨੂੰ ਚੀਨ 'ਤੇ ਨਿਰਭਰਤਾ ਘੱਟ ਕਰਨ ਵਰਗੇ ਕਦਮ ਉਠਾਏ ਹਨ।