ਨਵੀਂ ਦਿੱਲੀ (ਏਐੱਨਆਈ) : ਚੀਨ ਵੱਲੋਂ ਮਕਬੂਜ਼ਾ ਕਸ਼ਮੀਰ ਵਿਚ ਸੜਕ ਬਣਾਏ ਜਾਣ 'ਤੇ ਹਿੰਸਾ ਭੜਕ ਉੱਠੀ ਹੈ। ਇਸ ਦੌਰਾਨ ਨਾ ਕੇਵਲ ਲੋਕਾਂ ਨੇ ਪੁਲਿਸ 'ਤੇ ਪਥਰਾਅ ਕੀਤਾ ਸਗੋਂ ਇਕ ਚੈੱਕ ਪੋਸਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਦਰਅਸਲ, ਤੋਪਖਾਨੇ ਅਤੇ ਫ਼ੌਜੀ ਜਵਾਨਾਂ ਨੂੰ ਖੇਤਰ ਵਿਚ ਤਬਦੀਲ ਕਰਨ ਲਈ ਬੀਜਿੰਗ, ਯਾਰਕੰਦ ਤੋਂ ਮਕਬੂਜ਼ਾ ਕਸ਼ਮੀਰ ਤਕ 33 ਕਿਲੋਮੀਟਰ ਦੀ ਸੜਕ ਬਣਾ ਰਿਹਾ ਹੈ। ਇਸ ਨੂੰ ਲੈ ਕੇ ਇੱਥੋਂ ਦੇ ਲੋਕ ਵਿਰੋਧ ਕਰ ਰਹੇ ਹਨ।

ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਨਾਗਰਿਕ ਅਧਿਕਾਰ ਵਰਕਰ ਅਮਜ਼ਦ ਅਯੂਬ ਮਿਰਜ਼ਾ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖੀਏ ਤਾਂ ਮਕਬੂਜ਼ਾ ਕਸ਼ਮੀਰ ਪਾਕਿਸਤਾਨ ਦੇ ਹੱਥੋਂ ਨਿਕਲ ਚੁੱਕਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਵੱਲੋਂ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਉੱਥੋਂ ਦੇ ਲੋਕ ਕਾਫ਼ੀ ਨਾਰਾਜ਼ ਹਨ। 13 ਜਨਵਰੀ ਤੋਂ ਇੱਥੇ ਹੜਤਾਲ ਚੱਲ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਹੋਇਆ ਵਿਰੋਧ ਪ੍ਰਦਰਸ਼ਨ ਉਸੇ ਹੜਤਾਲ ਦਾ ਹਿੱਸਾ ਸੀ। ਇਕ ਮਹੀਨੇ ਵਿਚ ਇਹ ਦੂਜੀ ਵਾਰ ਹੈ ਜਦੋਂ ਹੜਤਾਲ ਤੇ ਪ੍ਰਦਰਸ਼ਨ ਹਿੰਸਕ ਹੋ ਉੱਠਿਆ ਹੈ। ਇਸ ਵਾਰ ਇਹ ਜ਼ਿਆਦਾ ਭਿਆਨਕ ਸੀ ਅਤੇ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ। ਮਿਰਜ਼ਾ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਆਉਣ ਪਿੱਛੋਂ ਮਕਬੂਜ਼ਾ ਕਸ਼ਮੀਰ ਵਿਚ ਅਰਾਜਕਤਾ ਦਾ ਮਾਹੌਲ ਹੈ। ਖੇਤਰ ਦੇ ਲੋਕ ਭੋਜਨ ਦੀ ਕਮੀ ਤੋਂ ਪਰੇਸ਼ਾਨ ਹਨ। ਨਾ ਤਾਂ ਇੱਥੇ ਬਿਜਲੀ ਹੈ ਅਤੇ ਨਾ ਹੀ ਪੀਣ ਦਾ ਸਾਫ਼ ਪਾਣੀ। ਸ਼ਹਿਰ ਗੰਦਗੀ ਨਾਲ ਭਰੇ ਪਏ ਹਨ। ਪੂਰਾ ਸਿਸਟਮ ਹਿਲਿਆ ਪਿਆ ਹੈ। ਪਾਕਿਸਤਾਨ ਸਰਕਾਰ ਨੇ ਇਸ ਨੂੰ ਦੇਸ਼ ਦਾ ਪੰਜਵਾਂ ਸੂਬਾ ਐਲਾਨ ਕੀਤਾ ਹੋਇਆ ਹੈ। ਸਰਕਾਰ ਦੇ ਇਸ ਕਦਮ ਦਾ ਉੱਥੋਂ ਦੇ ਲੋਕ ਵਿਰੋਧ ਕਰ ਰਹੇ ਹਨ ਅਤੇ ਹਰ ਰੋਜ਼ ਇਸ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੁੰਦੇ ਹਨ।

ਮਿਰਜ਼ਾ ਮੁਤਾਬਕ ਹਰ ਰੋਜ਼ ਗਿਲਗਿਤ-ਬਾਲਤਿਸਤਾਨ, ਮਕਬੂਜ਼ਾ ਕਸ਼ਮੀਰ ਵਿਚ ਵਿਰੋਧ ਪ੍ਰਦਰਸ਼ਨ ਹੁੰਦੇ ਹਨ ਪ੍ਰੰਤੂ ਪਾਕਿਸਤਾਨੀ ਮੀਡੀਆ ਇਸ ਸਬੰਧ ਵਿਚ ਕੋਈ ਖ਼ਬਰ ਨਹੀਂ ਦੇ ਰਿਹਾ ਹੈ। ਉਧਰ, ਕੌਮਾਂਤਰੀ ਮੀਡੀਆ ਨੂੰ ਖੇਤਰ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਮਿਰਜ਼ਾ ਨੇ ਇਸ ਤੱਥ 'ਤੇ ਅਫ਼ਸੋਸ ਪ੍ਰਗਟਾਇਆ ਕਿ ਮਕਬੂਜ਼ਾ ਕਸ਼ਮੀਰ ਦੀ ਚੁਣੀ ਸਰਕਾਰ ਇਸਲਾਮਾਬਾਦ ਵਿਚ ਬੈਠੀ ਹੈ ਜਦਕਿ ਖੇਤਰ ਦੀ ਜਨਤਾ ਚੀਨੀ ਘੁਸਪੈਠ ਖ਼ਿਲਾਫ਼ ਧਰਮ ਯੁੱਧ ਲੜ ਰਹੀ ਹੈ।