ਸਟੇਟ ਬਿਊਰੋ, ਕੋਲਕਾਤਾ : ਬੰਗਾਲ ਵਿਧਾਨ ਸਭਾ ’ਚ ਸੋਮਵਾਰ ਨੂੰ ਉਸ ਸਮੇਂ ਸੰਸਦੀ ਮਰਿਆਦਾਵਾਂ ਤਾਰ-ਤਾਰ ਹੋ ਗਈਆਂ, ਜਦੋਂ ਬਜਟ ਸੈਸ਼ਨ ਦੇ ਆਖ਼ਰੀ ਦਿਨ ਬੀਰਭੂਮ ਜ਼ਿਲ੍ਹੇ ਦੇ ਬੋਗਟੂਈ ’ਚ ਹੋਈ ਹਿੰਸਾ ਨੂੰ ਲੈ ਕੇ ਹਾਕਮ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਵਿਧਾਇਕ ਭਿੜ ਗਏ। ਸਦਨ ਦੇ ਅੰਦਰ ਜ਼ਬਰਦਸਤ ਮਾਰਕੁੱਟ ’ਚ ਦੋਵੇਂ ਧਿਰਾਂ ਦੇ ਇਕ ਦਰਜਨ ਤੋਂ ਜ਼ਿਆਦਾ ਵਿਧਾਇਕ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਬਿਮਾਨ ਬੈਨਰਜੀ ਨੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਸਮੇਤ ਭਾਜਪਾ ਦੇ ਪੰਜ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਸਦਨ ’ਚ ਹੋਈ ਇਸ ਮਾਰਕੁੱਟ ਪਿੱਛੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਦੇ ਸਪੀਕਰ ਤੇ ਸੰਸਦੀ ਕਾਰਜ ਮੰਤਰੀ ਨਾਲ ਫੋਨ ’ਤੇ ਗੱਲ ਕਰ ਕੇ ਜਾਣਕਾਰੀ ਲਈ ਤੇ ਚਿੰਤਾ ਪ੍ਰਗਟਾਈ।

ਅਸਲ ’ਚ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਭਾਜਪਾ ਵਿਧਾਇਕਾਂ ਨੇ ਸੂਬੇ ’ਚ ਅਮਨ ਕਾਨੂੰਨ ਦੀ ਵਿਗੜਦੀ ਹਾਲਤ ਨੂੰ ਲੈ ਕੇ ਮੁੱਖ ਮੰਤਰੀ ਦੇ ਬਿਆਨ ਦੀ ਮੰਗ ਕੀਤੀ। ਜਦੋਂ ਸੁਣਵਾਈ ਨਹੀਂ ਹੋਈ ਤਾਂ ਉਹ ਆਪਣੀ ਗੱਲ ਕਹਿੰਦੇ ਹੋਏ ਵਿਧਾਨ ਸਭਾ ਦੇ ਸਪੀਕਰ ਦੇ ਸਾਹਮਣੇ ਪਹੁੰਚ ਕੇ ਪ੍ਰਦਰਸ਼ਨ ਕਰਨ ਲੱਗੇ। ਵਿਧਾਨ ਸਭਾ ਦੇ ਸਪੀਕਰ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ। ਉਨ੍ਹਾਂ ਨਾਅਰੇਬਾਜ਼ੀ ਜਾਰੀ ਰੱਖੀ। ਇਸ ਪਿੱਛੋਂ ਟੀਐੱਮਸੀ ਤੇ ਭਾਜਪਾ ਵਿਧਾਇਕਾਂ ’ਚ ਜ਼ੁਬਾਨੀ ਜੰਗ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਦੇ ਵਿਧਾਇਕ ਭਿੜ ਗਏ। ਇਸ ਵਿਚ ਦੋਵੇਂ ਧਿਰਾਂ ਦੇ ਕਈ ਵਿਧਾਇਕ ਜ਼ਖ਼ਮੀ ਹੋਏ। ਟੀਐੱਮਸੀ ਦੇ ਵਿਧਾਇਕ ਅਸਿਤ ਮਜੂਮਦਾਰ ਦਾ ਨੱਕ ਫੱਟ ਗਿਆ। ਇਸਦੇ ਬਾਅਦ ਸੁਵੇਂਦੂ ਅਧਿਕਾਰੀ ਦੀ ਅਗਵਾਈ ’ਚ ਲਗਪਗ 25 ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਦਾ ਬਾਈਕਾਟ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਸਦਨ ਦੇ ਅੰਦਰ ਵੀ ਸੁਰੱਖਿਅਤ ਨਹੀਂ ਹਾਂ। ਉਨ੍ਹਾਂ ਵਿਧਾਨ ਸਭਾ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ।

ਵਿਧਾਇਕਾਂ ਦੀ ਮੁਅੱਤਲੀ ਦੇ ਖ਼ਿਲਾਫ਼ ਕੋਰਟ ਜਾਏਗੀ ਭਾਜਪਾ

ਵਿਧਾਨ ਸਭਾ ਦੇ ਸਪੀਕਰ ਨੇ ਸਦਨ ’ਚ ਇਤਰਾਜ਼ਯੋਗ ਵਿਵਹਾਰ ਨੂੰ ਲੈ ਕੇ ਭਾਜਪਾ ਦੇ ਪੰਜ ਵਿਧਾਇਕਾਂ ਸੁਵੇਂਦੂ ਅਧਿਕਾਰੀ, ਮਨੋਜ ਤਿੱਗਾ, ਸ਼ੰਕਰ ਘੋਸ਼, ਦੀਪਕ ਬਰਮਨ ਤੇ ਨਰਹਰੀ ਮਹਿਤੋ ਨੂੰ 2022 ਦੇ ਆਉਂਦੇ ਸਾਰੇ ਸੈਸ਼ਨਾਂ ਲਈ ਮੁਅੱਤਲ ਕਰ ਦਿੱਤਾ। ਮੁਅੱਤਲੀ ’ਤੇ ਇਤਰਾਜ਼ ਕਰਦੇ ਹੋਏ ਸੁਵੇਂਦੂ ਨੇ ਕਿਹਾ ਕ ਸੱਤਾ ਧਿਰ ਦੇ ਜਿਨ੍ਹਾਂ ਵਿਧਾਇਕਾਂ ਨੇ ਮਾਰਕੁੱਟ ਕੀਤੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਅਸੀਂ ਇਸਦੇ ਖ਼ਿਲਾਫ਼ ਕੋਰਟ ’ਚ ਜਾਵਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਜ਼ਖ਼ਮੀ ਵਿਧਾਇਕਾਂ ਮਨੋਜ ਤਿੱਗਾ, ਸ਼ਿਖਾ ਚੈਟਰਜੀ, ਚੰਦਨਾ ਬਾਊਰੀ, ਨਰਹਰੀ ਮਹਿਤੋ, ਡਾ. ਅਜੇ ਪੋਦਾਰ ਤੇ ਲਕਸ਼ਣ ਗੌਰੀ ਨੂੰ ਬਿਹਤਰ ਇਲਾਜ ਲਈ ਦਿੱਲੀ ਏਮਜ਼ ਲਿਜਾਂਦਾ ਜਾਵੇਗਾ।

ਆਹਮੋ-ਸਾਹਮਣੇ

ਸੁਵੇਂਦੂ ਦਾ ਦੋਸ਼ ; ਸਿਵਲ ਡਰੈੱਸ ’ਚ ਪੁਲਿਸ ਵਾਲਿਆਂ ਤੋਂ ਕਰਾਇਆ ਹਮਲਾ

ਸੁਵੇਂਦੂ ਨੇ ਕਿਹਾ ਕਿ ਵਿਧਾਨ ਸਭਾ ’ਚ ਕੋਲਕਾਤਾ ਪੁਲਿਸ ਦੇ ਜਵਾਨਾਂ ਨੂੰ ਸਿਵਲ ਡਰੈੱਸ ’ਚ ਲਿਆ ਕੇ ਭਾਜਪਾ ਵਿਧਾਇਕਾਂ ’ਤੇ ਹਮਲਾ ਕਰਾਇਆ ਗਿਆ। ਸਾਡੇ ਵਿਧਾਇਕ ਨਰਹਰੀ ਮਹਿਤੋ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਗਿਆ।

ਤ੍ਰਿਣਮੂਲ ਨੇ ਕਿਹਾ ; ਬਦਅਮਨੀ ਫੈਲਾਉਣ ਲਈ ਨਾਟਕ ਕਰ ਰਹੀ ਭਾਜਪਾ

ਟੀਐੱਮਸੀ ਦੇ ਆਗੂ ਤੇ ਮੰਤਰੀ ਫਿਰਹਾਦ ਹਕੀਮ ਨੇ ਕਿਹਾ ਕਿ ਵਿਧਾਨ ਸਭਾ ’ਚ ਬਦਅਮਨੀ ਫੈਲਾਉਣ ਲਈ ਭਾਜਪਾ ਨਾਟਕ ਕਰ ਰਹੀ ਹੈ। ਸਾਡੇ ਕਈ ਵਿਧਾਇਕ ਜ਼ਖ਼ਮੀ ਹੋਏ ਹਨ। ਮਾਰਸ਼ਲ ਨਾਲ ਵੀ ਮਾਰਕੁੱਟ ਹੋਈ। ਅਸੀਂ ਭਾਜਪਾ ਦੀ ਹਰਕਤ ਦੀ ਨਿੰਦਾ ਕਰਦੇ ਹਾਂ।

-------------------------------------

ਭਾਜਪਾ ਨੇ ਯੋਜਨਾਬੱਧ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।-ਪਾਰਥ ਚੈਟਰਜੀ, ਸੰਸਦੀ ਕਾਰਜ ਮੰਤਰੀ

-----------------

ਬੀਰਭੂਮ ਮਾਮਲੇ ’ਤੇ ਚਰਚਾ ਦੀ ਮੰਗ ਕੀਤੀ ਤਾਂ ਟੀਐੱਮਸੀ ਦੇ ਵਿਧਾਇਕਾਂ ਨੇ ਆਪਾ ਗੁਆ ਦਿੱਤਾ। ਉਨ੍ਹਾਂ ਸਾਡੀ ਪਾਰਟੀ ਦੇ ਮੁੱਖ ਵਿ੍ਹਪ ਮਨੋਜ ਤਿੱਗਾ ਸਮੇਤ 10 ਵਿਧਾਇਕਾਂ ਨੂੰ ਕੁੱਟਿਆ। ਮਨੋਜ ਦੇ ਕੱਪੜੇ ਤਕ ਪਾੜ ਦਿੱਤੇ। ਬੰਗਾਲ ’ਚ ਜਿਹੜੇ ਹਾਲਾਤ ਹਨ, ਉਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ।-ਸੁਵੇਂਦੂ ਅਧਿਕਾਰੀ, ਵਿਰੋਧੀ ਧਿਰ ਦੇ ਆਗੂ

Posted By: Shubham Kumar