ਨਈਂ ਦੁਨੀਆ, ਬਿਲਾਸਪੁਰ : VIDEO : ਟਿਊਬਵੈੱਲ ਮਾਈਨਿੰਗ ਦੌਰਾਨ ਪਾਣੀ ਨਿਕਲਣਾ ਆਮ ਗੱਲ ਹੈ, ਪਰ ਜਦੋਂ ਪਾਣੀ ਦੀ ਥਾਂ ਅੱਗ ਨਿਕਲਣ ਲੱਗੇ ਤਾਂ ਇਥੇ ਲੋਕਾਂ 'ਚ ਉਤਸੁਕਤਾ ਦਾ ਵਿਸ਼ਾ ਬਣ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਕੋਰਿਆ ਜ਼ਿਲ੍ਹੇ ਦੇ ਬਿਰੌਰੀਡਾਂਡ 'ਚ ਸਾਹਮਣੇ ਆਇਆ ਹੈ, ਜਿਥੇ ਮਾਈਨਿੰਗ ਦੌਰਾਨ ਬੋਰ 'ਚੋਂ ਇਕਦਮ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸਨੂੰ ਦੇਖਣ ਲਈ ਪੂਰਾ ਪਿੰਡ ਆ ਗਿਆ। ਬੋਰ ਤੋਂ ਹਾਲੇ ਵੀ ਅੱਗ ਨਿਕਲ ਰਹੀ ਹੈ। ਹਾਲਾਂਕਿ ਵਿਗਿਆਨੀ ਇਸਨੂੰ ਆਮ ਘਟਨਾ ਦੱਸ ਰਹੇ ਹਨ। ਕੁਦਰਤੀ ਗੈਸ ਮਿਥੇਨ ਦੇ ਰਿਸਾਅ ਕਾਰਨ ਅਕਸਰ ਅੱਗ ਲੱਗ ਜਾਂਦੀ ਹੈ।

ਐਤਵਾਰ ਸਵੇਰੇ 11 ਵਜੇ ਪਿੰਡ 'ਚ ਟਿਊਬਵੈੱਲ ਲਈ ਮਾਈਨਿੰਗ ਕੀਤੀ ਜਾ ਰਹੀ ਸੀ। ਸਾਰੇ ਮਜ਼ਦੂਰ ਕੰਮ 'ਚ ਜੁਟੇ ਸਨ। ਇਸ ਦੌਰਾਨ ਬੋਰ 'ਚੋਂ ਇਕਦਮ ਧੂੰਆਂ ਨਿਕਲਣ ਲੱਗਾ। ਇਸਤੋਂ ਬਾਅਦ ਤੇਜ਼ੀ ਨਾਲ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਇਸਨੂੰ ਦੇਖ ਕੇ ਮਜ਼ਦੂਰ ਡਰ ਗਏ ਅਤੇ ਇਧਰ-ਉਧਰ ਭੱਜਣ ਲੱਗੇ। ਟਿਊਬਵੈੱਲ ਬੋਰਵੈੱਲ ਦਾ ਠੇਕਾ ਲੈਣ ਵਾਲੇ ਠੇਕੇਦਾਰ ਧਨੇਂਦਰ ਮਿਸ਼ਰਾ ਨੇ ਦੱਸਿਆ ਕਿ ਬੋਰ ਤੋਂ ਦੇਰ ਰਾਤ ਤਕ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।

ਮਾਮਲੇ 'ਚ ਐੱਸਈਸੀਐੱਲ ਬੈਕੁੰਠਪੁਰ ਦੇ ਖਾਨ ਬਚਾਅ ਕੇਂਦਰ ਦੇ ਮੈਂਬਰ ਯੋਗੇਂਦਰ ਮਿਸ਼ਰਾ ਦਾ ਕਹਿਣਾ ਹੈ ਕਿ ਅਕਸਰ ਖ਼ਤਰਨਾਕ ਗੈਸਾਂ ਦੇ ਰਿਸਾਅ ਨਾਲ ਅੱਗ ਲੱਗ ਜਾਂਦੀ ਹੈ। ਪੂਰਾ ਖੇਤਰ ਪਹਾੜੀ ਹੋਣ ਕਾਰਨ ਮਿਥੇਨ ਗੈਸ ਦਾ ਰਿਸਾਅ ਆਮ ਗੱਲ ਹੈ। ਮਿਥੇਨ ਦੇ ਕਾਰਨ ਹੀ ਅੱਗ ਲੱਗੀ ਹੋਵੇਗੀ।

ਪਹਿਲੀ ਵਾਰ ਦੇਖੀ ਅਜਿਹੀ ਘਟਨਾ

ਬੋਰਵੈੱਲ ਦੇ ਕਾਰਜ 'ਚ ਲੱਗੇ ਠੇਕੇਦਾਰ ਧਨੇਂਦਰ ਮਿਸ਼ਰਾ ਦਾ ਕਹਿਣਾ ਹੈ ਕਿ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੋਰ ਕੀਤਿਆਂ ਚਾਰ ਘੰਟੇ ਲੰਘ ਚੁੱਕੇ ਹਨ ਉਸਤੋਂ ਬਾਅਦ ਅਚਾਨਕ ਬੋਰਿੰਗ ਵਾਲੇ ਸਥਾਨ 'ਚੋਂ ਅੱਗ ਦੀਆਂ ਤੇਜ਼ ਲਪਟਾਂ ਨਿਕਲਣ ਲੱਗੀਆਂ। ਮਿਸ਼ਰਾ ਦਾ ਮੰਨਣਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਤੇਲ ਦਾ ਸ੍ਰੋਤ ਜ਼ਰੂਰ ਹੈ ਤਾਂਹੀ ਅਜਿਹਾ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੈਂ ਕਾਫੀ ਸਾਲ ਤੋਂ ਬੋਰਿੰਗ ਦਾ ਕੰਮ ਕਰ ਰਿਹਾ ਹਾਂ ਪਰ ਅਜਿਹੀ ਘਟਨਾ ਕਦੇ ਦੇਖਣ ਨੂੰ ਨਹੀਂ ਮਿਲੀ। ਪਹਿਲੀ ਵਾਰ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਥੇ ਪਾਣੀ ਦੇ ਥਾਂ 'ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਜਾ ਰਹੀਆਂ ਹਨ।

ਇਸ ਸਬੰਧੀ ਸਰਕਾਰੀ ਈ. ਰਾਘਵੇਂਦਰ ਰਾਓ ਵਿਗਿਆਨ ਯੂਨੀਵਰਸਿਟੀ ਦੇ ਭੂ-ਵਿਗਿਆਨੀ ਪ੍ਰੋ. ਮਹਿਫ਼ੂਜ਼ ਆਰਿਫ਼ ਦਾ ਕਹਿਣਾ ਹੈ ਕਿ ਧਰਤੀ ਦੀ ਸਤ੍ਹਾ 'ਚ ਪਾਈ ਜਾਣ ਵਾਲੀ ਮਿਥੇਨ ਗੈਸ ਦੇ ਰਿਸਾਅ ਨਾਲ ਅੱਗ ਦੀਆਂ ਲਪਟਾਂ ਨਿਕਲਣ ਲੱਗਦੀਆਂ ਹਨ। ਗੈਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਅੱਗ ਬੁੱਝ ਜਾਂਦੀ ਹੈ।

Posted By: Ramanjit Kaur