ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ’ਚ ਹੁਣ ਜਦਕਿ ਬਿਨਾਂ ਰੁਕਾਵਟ ਤੇਜ਼ ਵੈਕਸੀਨ ਪੈਦਾਵਾਰ ਤੇ ਰਿਕਾਰਡਤੋੜ ਵੈਕਸੀਨ ਰਫ਼ਤਾਰ ਫੜ ਚੁੱਕੀ ਹੈ ਤਾਂ ਭਾਰਤ ਮੁੜ ਤੋਂ ਦੋਸਤ ਦੇਸ਼ਾਂ ਨੂੰ ਵੀ ਮਦਦ ਦਾ ਹੱਥ ਵਧਾਉਣ ਲਈ ਤਿਆਰ ਹੈ। ਵੈਕਸੀਨ ਦੋਸਤੀ ਪ੍ਰੋਗਰਾਮ ਦੇ ਤਹਿਤ ਭਾਰਤ ਮੁੜ ਕੋਰੋਨਾ ਵੈਕਸੀਨ ਦੀ ਬਰਾਮਦ ਸ਼ੁਰੂ ਕਰਨ ਜਾ ਰਿਹਾ ਹੈ। ਸਿਹਤ ਮੰਤਰੀ ਮਨਸੁਖ ਮਾਂਡਵੀਆ ਦੇ ਮੁਤਾਬਕ ਭਾਰਤ ਕੋਵੈਕਸ ਪ੍ਰੋਗਰਾਮ ਦੇ ਪ੍ਰਤੀ ਆਪਣੀ ਵਚਨਬੱਧਤਾ ਦੇ ਤਹਿਤ ਅਕਤੂਬਰ ਤੋਂ ਵੈਕਸੀਨ ਦੀ ਬਰਾਮਦ ਸ਼ੁਰੂ ਕਰੇਗਾ। ਗਲੋਬਲ ਅਲਾਇੰਸ ਫਾਰ ਵੈਕਸੀਨ ਐਂਡ ਇਮਿਊਨਾਈਜ਼ੇਸ਼ਨਸ (ਗਾਵੀ) ਦੇ ਤਹਿਤ ਕੋਵੈਕਸ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਗਾਵੀ ਦੇ ਕੋਵੈਕਸਨ ਪ੍ਰੋਗਰਾਮ ਦੇ ਤਹਿਤ ਵਿਕਾਸਸ਼ੀਲ ਤੇ ਘੱਟ ਵਿਕਸਤ ਦੇਸ਼ਾਂ ਨੂੰ ਵੈਕਸੀਨ ਬਰਾਮਦ ਕਰਨ ਲਈ ਵਚਨਬੱਧ ਹੈ। ਇਸ ਸਾਲ ਅਪ੍ਰੈਲ ’ਚ ਭਾਰਤ ਨੇ ਦੇਸ਼ ’ਚ ਵੈਕਸੀਨ ਦੀ ਕਿੱਲਤ ਨੂੰ ਦੇਖਦੇ ਹੋਏ ਇਸ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਸੀ ਤੇ ਉਸ ਦੌਰਾਨ ਤਕ ਭਾਰਤ 100 ਦੇਸ਼ਾਂ ਨੂੰ ਵੈਕਸੀਨ ਦੀਆਂ 6.6 ਕਰੋੜ ਡੋਜ਼ ਦੀ ਬਰਾਮਦ ਕਰ ਚੁੱਕਾ ਸੀ। ਇਸ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵਾਡ ਦੀ ਮੀਟਿੰਗ ’ਚ ਹਿੱਸਾ ਲੈਣ ਅਮਰੀਕਾ ਜਾ ਰਹੇ ਹਨ ਜਿੱਥੇ ਵੈਕਸੀਨ ਦੇ ਮਸਲੇ ’ਤੇ ਚਰਚਾ ਹੋਵੇਗੀ। ਇਸ ਲਿਹਾਜ਼ ਨਾਲ ਭਾਰਤ ਦੇ ਇਸ ਫ਼ੈਸਲੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਸੋਮਵਾਰ ਨੂੰ ਮਾਂਡਵੀਆ ਨੇ ਕਿਹਾ ਕਿ ਭਾਰਤ ਆਪਣੀ ਵਸੂਧੈਵ ਕੁਟੁੰਬਕਮ ਨੀਤੀ ਦੇ ਤਹਿਤ ਵੈਕਸੀਨ ਦੀ ਬਰਾਮਦ ਸ਼ੁਰੂ ਕਰਨ ਜਾ ਰਿਹਾ ਹੈ, ਪਰ ਸਿਰਫ਼ ਲੋੜ ਦੇ ਇਲਾਵਾ ਹੋਣ ਵਾਲੇ ਉਤਪਾਦਨ ਦੀ ਬਰਾਮਦ ਕੀਤੀ ਜਾਵੇਗੀ। ਭਾਰਤ ਫ਼ਿਲਹਾਲ ਵੈਕਸੀਨ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਬਣ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਅਪ੍ਰੈਲ ਦੇ ਮੁਕਾਬਲੇ ਭਾਰਤ ਦਾ ਹਰ ਮਹੀਨੇ ਵੈਕਸੀਨ ਉਤਪਾਦਨ ਦੁੱਗਣਾ ਹੋ ਚੁੱਕਾ ਹੈ ਤੇ ਅਗਲੇ ਮਹੀਨੇ ਅਕਤੂਬਰ ’ਚ ਇਹ ਸਮਰੱਥਾ 30 ਕਰੋੜ ਤਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਆਖ਼ਰੀ ਤਿੰਨ ਮਹੀਨਿਆਂ ’ਚ ਵੈਕਸੀਨ ਦਾ ਕੁੱਲ ਉਤਪਾਦਨ ਇਕ ਅਰਬ ਡੋਜ਼ ਤਕ ਹੋ ਸਕਦਾ ਹੈ ਕਿਉਂਕਿ ਬਾਇਓਲਾਜਿਕਲ ਈ ਵਰਗੀ ਵੈਕਸੀਨ ਉਤਪਾਦਕ ਕੰਪਨੀ ਨੂੰ ਛੇਤੀ ਹੀ ਮਨਜ਼ੂਰੀ ਮਿਲ ਸਕਦੀ ਹੈ।

ਭਾਰਤ ਇਸ ਸਾਲ ਦਸੰਬਰ ਦੇ ਆਖ਼ਰ ਤਕ ਆਪਣੇ ਸਾਰੇ 94.4 ਕਰੋੜ ਬਾਲਗਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣਾ ਚਾਹੁੰਦਾ ਹੈ। ਇਨ੍ਹਾਂ ’ਚੋਂ 64 ਫ਼ੀਸਦੀ ਨੂੰ ਵੈਕਸੀਨ ਦੀ ਇਕ ਡੋਜ਼ ਮਿਲ ਚੁੱਕੀ ਹੈ ਤੇ 22 ਫ਼ੀਸਦੀ ਨੂੰ ਦੋਵੇਂ ਡੋਜ਼। ਮੰਤਰੀ ਨੇ ਕਿਹਾ ਕਿ ਭਾਰਤ ਦਾ ਵੈਕਸੀਨੇਸ਼ਨ ਪ੍ਰੋਗਰਾਮ ਦੁਨੀਆ ਲਈ ਰੋਲ ਮਾਡਲ ਬਣ ਗਿਆ ਹੈ ਕਿਉਂਕਿ 16 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਦੇ ਤਹਿਤ ਹੁਣ ਤਕ ਚਾਰ ਵਾਰੀ ਭਾਰਤ ਇਕ ਦਿਨ ’ਚ ਇਕ ਕਰੋੜ ਤੋਂ ਜ਼ਿਆਦਾ ਡੋਜ਼ ਲਗਾਉਣ ’ਚ ਸਫ਼ਲ ਰਿਹਾ ਹੈ। ਸਾਰੇ ਬਾਲਗਾਂ ਨੂੰ ਦੋਵੇਂ ਡੋਜ਼ ਦੇਣ ਲਈ ਭਾਰਤ ਨੂੰ 185 ਅਰਬ ਡੋਜ਼ ਵੈਕਸੀਨ ਦੀ ਲੋੜ ਹੋਵੇਗੀ।

Posted By: Jatinder Singh