ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਅਮਰੀਕਾ, ਭਾਰਤ, ਇਜ਼ਰਾਈਲ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਆਪਣੇ ਨਵੇਂ ਗਠਜੋੜ ਦਾ ਰੋਡਮੈਪ ਸਾਹਮਣੇ ਰੱਖ ਦਿੱਤਾ ਹੈ। ਚਾਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਸੋਮਵਾਰ ਦੇਰ ਰਾਤ ਤੋਂ ਮੰਗਲਵਾਰ ਸਵੇਰ ਤਕ ਚੱਲੀ ਬੈਠਕ ’ਚ ਆਰਥਿਕ ਸਹਿਯੋਗ ’ਤੇ ਹੀ ਫ਼ਿਲਹਾਲ ਧਿਆਨ ਕੇਂਦਰਿਤ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਸਮੁੰਦਰੀ ਸਹਿਯੋਗ ਦੇ ਖੇਤਰ ’ਚ ਵੀ ਇਹ ਦੇਸ਼ ਗਠਜੋੜ ਕਰਨਗੇ। ਇਨ੍ਹਾਂ ’ਚ ਆਰਥਿਕ ਸਹਿਯੋਗ ’ਤੇ ਅੰਤਰਰਾਸ਼ਟਰੀ ਫੋਰਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜਿਹੜਾ ਭਾਰਤ ਦੇ ਕਾਰੋਬਾਰ ਲਈ ਨਵੇਂ ਮੌਕੇ ਲਿਆ ਸਕਦੀ ਹੈ। ਨਾਲ ਹੀ ਚਾਰੋ ਦੇਸ਼ਾਂ ਨੇ ਇਸ ਸੰਗਠਨ ਨੂੰ ਕਵਾਡ ਨਾਂ ਨਹੀਂ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਨੂੰ ਅੰਤਰਰਾਸ਼ਟਰੀ ਫੋਰਮ ਦੱਸਿਆ ਗਿਆ ਹੈ। ਹਾਲਾਂਕਿ ਇਸ ਸੰਗਠਨਾ ਦਾ ਏਜੰਡਾ ਬਹੁਤ ਹੱਦ ਤਕ ਹਿੰਦ-ਪ੍ਰਸ਼ਾਂਤ ਖੇਤਰ ’ਚ ਸਥਾਪਤ ਅਮਰੀਕਾ, ਜਾਪਾਨ, ਭਾਰਤ ਤੇ ਆਸਟ੍ਰੇਲੀਆ ਦੇ ਕਵਾਡ ਸੰਗਠਨ ਵਰਗਾ ਹੀ ਹੈ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਇਜ਼ਰਾਈਲ ਦੇ ਵਿਦੇਸ਼ ਮੰਤਰੀ ਯੇਰ ਲਾਪਿਡ ਤੇ ਯੂਏਈ ਦੇ ਵਿਦੇਸ਼ ਮੰਤਰੀ ਏਬੀ ਜਾਏਦ ਵਿਚਾਲੇ ਆਹਮੋ ਸਾਹਮਣੇ ਦੀ ਪਹਿਲੀ ਸਾਂਝੀ ਬੈਠਕ ਦੁਬਈ-2020 ਦੌਰਾਨ ਛੇਤੀ ਕੀਤੀ ਜਾਵੇਗੀ। ਇਜ਼ਰਾਈਲ ਦੇ ਵਿਦੇਸ਼ ਮਤੰਰਾਲੇ ਵਲੋਂ ਜਾਰੀ ਵਿਸਥਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਸੋਮਵਾਰ ਰਾਤ ਹੋਈ ਵਰਚੁਅਲ ਬੈਠਕ ’ਚ ਚਾਰੋ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਰਥਿਕ ਸਹਿਯੋਗ’ਤੇ ਇਕ ਅੰਤਰਰਾਸ਼ਟਰੀ ਫੋਰਮ ਬਣਾਉਣ ਦਾ ਫੈਸਲਾ ਕੀਤਾ ਹੈ।

Posted By: Jatinder Singh