ਵਾਸ਼ਿੰਗਟਨ (ਆਈਏਐੱਨਐੱਸ) : ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਤਰੀਕੇ ਨੂੰ ਲੈ ਕੇ ਲਗਾਤਾਰ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਕਹਿਣਾ ਹੈ ਕਿ ਸਾਹ ਤੋਂ ਨਿਕਲਣ ਵਾਲੇ ਬਹੁਤ ਸੂਖਮ ਡ੍ਰਾਪਲੇਟ ਅਤੇ ਏਅਰੋਸੋਲ ਪਾਰਟੀਕਲ ਹਵਾ 'ਚ ਕਾਫੀ ਦੇਰ ਤਕ ਮੌਜੂਦ ਰਹਿੰਦੇ ਹਨ ਅਤੇ ਇਨ੍ਹਾਂ ਤੋਂ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਹਾਲਾਂਕਿ ਛੇ ਫੁੱਟ ਜਾਂ ਜ਼ਿਆਦਾ ਦੂਰੀ ਹੋਣ 'ਤੇ ਇਨਫੈਕਸ਼ਨ ਦਾ ਖ਼ਤਰਾ ਥੋੜਾ ਘੱਟ ਹੋ ਜਾਂਦਾ ਹੈ।

ਸੀਡੀਸੀ ਨੇ ਕਿਹਾ ਕਿ ਆਮ ਤੌਰ 'ਤੇ ਸਾਹ ਲੈਣ ਸਮੇਂ, ਬੋਲਦੇ ਸਮੇਂ, ਗਾਉਂਦੇ ਸਮੇਂ, ਕਸਰਤ ਕਰਦੇ ਸਮੇਂ, ਖਾਂਸੀ ਜਾਂ ਛਿੱਕਣ ਸਮੇਂ ਡ੍ਰਾਪਲੇਟ ਬਾਹਰ ਆਉਂਦੇ ਹਨ। ਇਨ੍ਹਾਂ ਡ੍ਰਾਪਲੇਟਸ ਨਾਲ ਵਾਇਰਸ ਵੀ ਬਾਹਰ ਆਉਂਦਾ ਹੈ। ਵੱਡੇ ਡ੍ਰਾਪਲੇਟ ਕੁਝ ਸਕਿੰਟਾਂ 'ਚ ਹੇਠਾਂ ਬੈਠ ਜਾਂਦੇ ਹਨ, ਜਦੋਂਕਿ ਸੂਖਮ ਡ੍ਰਾਪਲੇਟ ਕੁਝ ਮਿੰਟ ਜਾਂ ਕੁਝ ਘੰਟਿਆਂ ਤਕ ਵੀ ਹਵਾ 'ਚ ਬਣੇ ਰਹਿ ਸਕਦੇ ਹਨ। ਵਾਇਰਸ ਵਾਲੇ ਇਨ੍ਹਾਂ ਸੂਖਮ ਡ੍ਰਾਪਲੇਟ ਦੇ ਸੰਪਰਕ 'ਚ ਆਉਣ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ।

ਸੀਡੀਸੀ ਨੇ ਕਿਹਾ ਕਿ ਇਨਫੈਕਸ਼ਨ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਵਿਅਕਤੀ ਕਿੰਨੇ ਵਾਇਰਸ ਦੇ ਸੰਪਰਕ 'ਚ ਆਇਆ ਹੈ। ਪੀੜਤ ਵਿਅਕਤੀ ਦੇ ਜ਼ਿਆਦਾ ਨੇੜੇ ਰਹਿਣ ਨਾਲ ਖ਼ਤਰਾ ਵੱਧ ਜਾਂਦਾ ਹੈ। ਉਧਰ, ਕਿਸੇ ਬੰਦ ਕਮਰੇ 'ਚ, ਜਿੱਤੇ ਹਵਾ ਨਿਕਲਣ ਦਾ ਢੁੱਕਵਾਂ ਪ੍ਰਬੰਧ ਨਾ ਹੋਵੇ, ਉੱਥੇ ਜੇ ਕੋਰੋਨਾ ਪੀੜਤ ਕਾਫੀ ਦੇਰ ਤਕ ਰਹਿੰਦਾ ਹੈ ਤਾਂ ਹਵਾ 'ਚ ਵਾਇਰਸ ਵੱਡੀ ਮਾਤਰਾ 'ਚ ਫੈਲ ਜਾਂਦਾ ਹੈ। ਅਜਿਹੀ ਹਾਲਾਤ 'ਚ ਛੇ ਫੁੱਟ ਤੋਂ ਜ਼ਿਆਦਾ ਦੂਰ ਰਹਿਣ ਵਾਲੇ ਵਿਅਕਤੀ ਦੇ ਵੀ ਕੋਰੋਨਾ ਦੀ ਲਪੇਟ 'ਚ ਆਉਣ ਦਾ ਖ਼ਤਰਾ ਰਹਿੰਦਾ ਹੈ।

ਸੀਡੀਸੀ ਨੇ ਕਿਹਾ ਕਿ ਵਾਇਰਸ ਬਾਰੇ ਫਿਲਹਾਲ ਕਈ ਸਵਾਲ ਅਣਸੁਲਝੇ ਹਨ ਪਰ ਜਿੰਨੀ ਜਾਣਕਾਰੀ ਹੁਣ ਤਕ ਇਕੱਠੀ ਕੀਤੀ ਗਈ ਹੈ, ਉਸ ਮੁਤਾਬਕ ਇਸ ਤੋਂ ਬਚਾਅ ਦੇ ਦੱਸੇ ਗਏ ਤਰੀਕੇ ਜਿਵੇਂ ਸਰੀਰਕ ਦੂਰੀ, ਮਾਸਕ ਲਗਾਉਣਾ, ਕਮਰੇ 'ਚ ਹਵਾ ਆਉਣ-ਜਾਣ ਦਾ ਢੁੱਕਵਾਂ ਪ੍ਰਬੰਧ ਕਰਨਾ ਅਤੇ ਬੰਦ ਜਗ੍ਹਾ 'ਚ ਭੀੜ ਇਕੱਠੀ ਨਾ ਹੋਣੀ ਆਦਿ ਕਾਰਗਰ ਹਨ।

Posted By: Tejinder Thind