ਜੋਹਾਨਸਬਰਗ (ਏਜੰਸੀ) : ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਵਿਡ-19 ਦੇ ਨਵੇਂ ਵੇਰੀਐਂਟ ਦਾ ਪਤਾ ਲਗਾਇਆ ਹੈ। ਬੀ.1.1.529 ਨਾਂ ਦੇ ਇਸ ਵੇਰੀਐਂਟ 'ਚ ਬਹੁਤ ਅਜੀਬ ਬਦਲਾਅ ਦੇਖੇ ਗਏ ਹਨ, ਜਿਹੜੇ ਚਿੰਤਾ ਪੈਦਾ ਕਰਦੇ ਹਨ। ਇਨ੍ਹਾਂ ਬਦਲਾਵਾਂ ਕਾਰਨ ਨਵਾਂ ਵੇਰੀਐਂਟ ਪ੍ਰਤੀਰੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਵਾਇਰਸ ਨੂੰ ਵਧੇਰੇ ਮਾਰੂ ਬਣਾ ਸਕਦਾ ਹੈ। ਦੱਖਣੀ ਅਫਰੀਕਾ 'ਚ ਹੀ ਪਿਛਲੇ ਸਾਲ ਪਹਿਲੀ ਵਾਰ ਬੀਟਾ ਵੇਰੀਐਂਟ ਰੋਸ਼ਨੀ 'ਚ ਆਇਆ ਸੀ।

ਵਿਗਿਆਨੀਆਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੈਬੋਰਟਰੀ ਤੋਂ ਮਿਲੇ ਮੁੱਢਲੇ ਲੱਛਣਾਂ 'ਚ ਦੱਸਿਆ ਗਿਆ ਹੈ ਕਿ ਨਵਾਂ ਵੇਰੀਐਂਟ ਵਧੇਰੇ ਅਬਾਦੀ ਵਾਲੇ ਸੂਬੇ ਗਾਉਟੇਂਗ ਸੂਬੇ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਖ਼ਦਸ਼ਾ ਹੈ ਕਿ ਵੇਰੀਐਂਟ ਦੇਸ਼ ਦੇ ਹੋਰ ਸੂਬਿਆਂ 'ਚ ਪਹੁੰਚ ਗਿਆ ਹੋਵੇਗਾ। ਦੱਖਣੀ ਅਫਰੀਕਾ ਨੇ ਬੀ.1.1.529 ਵੇਰੀਐਂਟ ਦੇ ਕਰੀਬ 100 ਨਮੂਨਿਆਂ ਦੀ ਪੁਸ਼ਟੀ ਕੀਤੀ ਹੈ। ਇਸ ਵੇਰੀਐਂਟ ਦੇ ਨਮੂਨੇ ਬੋਤਸਵਾਨਾ ਤੇ ਹਾਂਗਕਾਂਗ 'ਚ ਪਾਏ ਗਏ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਗਾਉਟੇਂਗ ਸੂਬੇ 'ਚ 90 ਫ਼ੀਸਦੀ ਮਾਮਲੇ ਇਸੇ ਵੇਰੀਐਂਟ ਦੇ ਹਨ।

ਰਾਸ਼ਟਰੀ ਸੰਚਾਰੀ ਰੋਗ ਸੰਸਥਾਨ ਨੇ ਇਕ ਬਿਆਨ 'ਚ ਕਿਹਾ ਕਿ ਫਿਲਹਾਲ ਸਾਡੇ ਕੋਲ ਸੀਮਤ ਅੰਕੜੇ ਹਨ। ਮਾਹਰ ਨਵੇਂ ਵੇਰੀਐੈਂਟ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨਲ ਈ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਦੱਖਣੀ ਅਫਰੀਕਾ ਨੇ ਵਿਸ਼ਵ ਸਿਹਤ ਸੰਗਠਨ ਤੋਂ ਕਾਰਜ ਸਮੂਹ ਗਠਿਤ ਕਰ ਕੇ ਇਸ ਵੇਰੀਐਂਟ 'ਤੇ ਚਰਚਾ ਕਰਵਾਉਣ ਦੀ ਅਪੀਲ ਕੀਤੀ ਹੈ। ਪੀਟੀਆਈ ਮੁਤਾਬਕ ਨਵੇਂ ਵੇਰੀਐਂਟ ਨੇ ਹੁਣ ਤਕ 22 ਲੋਕਾਂ ਨੂੰ ਇਨਫੈਕਟਿਡ ਕੀਤਾ ਹੈ।

ਦੁਨੀਆ ਦੇ ਸਭ ਤੋਂ ਵੱਧ ਇਨਫੈਕਸ਼ਨ ਦਰ ਵਾਲੇ ਸਲੋਵਾਕੀਆ 'ਚ ਲਾਕਡਾਊਨ

ਦੁਨੀਆ ਦੇ ਸਭ ਤੋਂ ਵੱਧ ਇਨਫੈਕਸ਼ਨ ਦਰ ਤੇ ਘੱਟ ਟੀਕਾਕਰਨ ਵਾਲੇ ਸਲੋਵਾਕੀਆ 'ਚ ਵੀਰਵਾਰ ਨੂੰ ਦੋ ਹਫ਼ਤੇ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਦੇਸ਼ 'ਚ ਇਸ ਦੌਰਾਨ ਬਹੁਤ ਜ਼ਰੂਰੀ ਸ਼੍ਰੇਣੀ ਦੇ ਸੰਸਥਾਨਾਂ ਤੇ ਅਦਾਰਿਆਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ।

ਈਯੂ ਨੇ ਫਾਈਜ਼ਰ ਦੀਆਂ 5-11 ਸਾਲ ਦੇ ਬੱਚਿਆਂ ਦੀਆ ਵੈਕਸੀਨ ਨੂੰ ਦਿੱਤੀ ਹਰੀ ਝੰਡੀ

ਯੂਰਪੀ ਯੂਨੀਅਨ ਦੇ ਸਹਿਤ ਰੈਗੂਲੇਟਰੀ ਨੇ ਫਾਈਜ਼ਰ ਦੀ 5-11 ਸਾਲ ਦੇ ਬੱਚਿਆਂ ਦੀ ਕੋਵਿਡ ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ। ਈਯੂ ਤੋਂ ਮਾਨਤਾ ਹਾਸਲ ਬੱਚਿਆਂ ਦੀ ਇਹ ਪਹਿਲੀ ਵੈਕਸੀਨ ਹੈ।

ਜਰਮਨੀ : ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 351 ਲੋਕਾਂ ਦੀ ਮੌਤ ਦੇ ਨਾਲ ਹੀ ਮੌਤਾਂ ਦਾ ਕੁਲ ਅੰਕੜਾ 1,00,119 ਹੋ ਗਿਆ। ਰੋਜ਼ਾਨਾ ਇਨਫੈਕਸ਼ਨ ਦਾ ਅੰਕੜਾ 75,961 ਰਿਹਾ।

ਫਰਾਂਸ ਤੇ ਡੈਨਮਾਰਕ : ਦੋਵਾਂ ਦੇਸ਼ਾਂ 'ਚ ਸਾਰੇ ਬਾਲਗਾਂ ਨੂੰ ਕੋਵਿਡ ਵੈਕਸੀਨ ਦੀ ਤੀਜੀ ਖ਼ੁਰਾਕ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।