ਮੁਸਲੇਮੀਨ, ਰਾਮਪੁਰ : ਸਮਾਜਵਾਦੀ ਪਾਰਟੀ ਐੱਮਪੀ ਆਜ਼ਮ ਖ਼ਾਂ ਦੇ ਜੇਲ੍ਹ ਜਾਣ ਪਿੱਛੋਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਉਨ੍ਹਾਂ ਦੀ ਜੌਹਰ ਯੂਨੀਵਰਸਿਟੀ ਨੂੰ ਕਬਜ਼ੇ ਵਿਚ ਲੈ ਸਕਦੀ ਹੈ। ਐੱਮਪੀ ਆਜ਼ਮ ਖ਼ਾਂ ਅਤੇ ਉਨ੍ਹਾਂ ਦੀ ਪਤਨੀ ਅਤੇ ਬੇਟੇ ਦੇ ਜੇਲ੍ਹ ਜਾਣ ਪਿੱਛੋਂ ਯੂਨੀਵਰਸਿਟੀ 'ਤੇ ਸੰਕਟ ਦੇ ਬੱਦਲ ਛਾ ਰਹੇ ਹਨ। ਜ਼ਿਲ੍ਹਾ ਅਧਿਕਾਰੀ ਨੇ ਇਸ ਨੂੰ ਸੰਚਾਲਿਤ ਕਰ ਰਹੇ ਟਰੱਸਟ ਦੀ ਰਿਪੋਰਟ ਨਾ ਮਿਲਣ 'ਤੇ ਸ਼ਾਸਨ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ। ਆਜ਼ਮ ਖ਼ਾਂ ਯੂਨੀਵਰਸਿਟੀ ਦੇ ਬਾਨੀ ਹੋਣ ਦੇ ਨਾਲ ਹੀ ਉਪ ਕੁਲਪਤੀ ਵੀ ਹਨ। ਪੱੁਤਰ ਅਬਦੁੱਲਾ ਸੀਈਓ ਅਤੇ ਟਰੱਸਟ ਦੇ ਮੈਂਬਰ ਵੀ ਹਨ। ਇਸੇ ਤਰ੍ਹਾਂ ਆਜ਼ਮ ਦੀ ਪਤਨੀ ਤਜੀਨ ਫਾਤਮਾ ਵੀ ਟਰੱਸਟ ਦੀ ਮੈਂਬਰ ਹੈ। ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਸਲੀਮ ਕਾਸਿਮ ਵੀ ਮੈਂਬਰ ਹਨ। ਇਹ ਸਾਰੇ ਹੁਣ ਜੇਲ੍ਹ ਵਿਚ ਬੰਦ ਹਨ। ਯੂਨੀਵਰਸਿਟੀ ਨੂੰ ਸੰਚਾਲਿਤ ਕਰਨ ਵਾਲੇ ਜੌਹਰ ਟਰੱਸਟ ਦੇ ਪ੍ਰਧਾਨ ਆਜ਼ਮ ਖ਼ਾਂ ਅਤੇ ਦੂਜੇ ਮੈਂਬਰ ਵੀ ਫ਼ਰਜ਼ੀਵਾੜੇ ਵਿਚ ਫੱਸ ਗਏ ਹਨ। ਟਰੱਸਟ ਵੱਲੋਂ ਹਰ ਸਾਲ ਦੀ ਰਿਪੋਰਟ ਨਾ ਭੇਜ ਕੇ ਨਿਯਮਾਂ ਦਾ ਉਲੰਘਣ ਕੀਤਾ ਗਿਆ। ਹਾਲਾਂਕਿ ਯੂਨੀਵਰਸਿਟੀ ਦੇ ਕੁਲਪਤੀ ਸੁਲਤਾਨ ਮੁਹੰਮਦ ਖ਼ਾਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਠੀਕ ਤਰ੍ਹਾਂ ਚੱਲ ਰਹੀ ਹੈ। ਕੋਈ ਦਿੱਕਤ ਨਹੀਂ ਹੈ। ਯੂਨੀਵਰਸਿਟੀ ਵਿਚ ਕਰੀਬ ਤਿੰਨ ਹਜ਼ਾਰ ਵਿਦਿਆਰਥੀ/ਵਿਦਿਆਰਥਣਾਂ ਹਨ ਅਤੇ ਤਿੰਨ ਸੌ ਦਾ ਸਟਾਫ ਹੈ।

ਨਹੀਂ ਭੇਜੀ ਗਈ ਪ੍ਰਗਤੀ ਰਿਪੋਰਟ : ਜ਼ਿਲ੍ਹਾ ਅਧਿਕਾਰੀ ਆਨਜਨੇਯ ਕੁਮਾਰ ਸਿੰਘ ਨੇ ਦੱਸਿਆ ਕਿ ਟਰੱਸਟ ਨੂੰ ਹਰ ਸਾਲ ਇਕ ਅਪ੍ਰਰੈਲ ਨੂੰ ਜ਼ਿਲ੍ਹਾ ਅਧਿਕਾਰੀ ਨੂੰ ਆਪਣੀ ਪ੍ਰਗਤੀ ਰਿਪੋਰਟ ਦੇ ਬਾਰੇ ਵਿਚ ਜਾਣੂ ਕਰਵਾਉਣਾ ਹੁੰਦਾ ਹੈ ਪ੍ਰੰਤੂ ਜੌਹਰ ਟਰੱਸਟ ਨੇ ਕਦੇ ਜ਼ਿਲ੍ਹਾ ਅਧਿਕਾਰੀ ਨੂੰ ਕੋਈ ਰਿਪੋਰਟ ਨਹੀਂ ਦਿੱਤੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐੱਮ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਚੱਲਦੀ ਰਹੇ। ਅਸੀਂ ਸਰਕਾਰ ਨੂੰ ਵੀ ਰਿਪੋਰਟ ਦਿੱਤੀ ਹੈ ਕਿ ਇਸ ਨੂੰ ਟੇਕਓਵਰ ਕਰ ਲਿਆ ਜਾਵੇ ਅਤੇ ਉਸ ਦੇ ਮੌਜੂਦਾ ਸਰੂਪ ਵਿਚ ਚੱਲਣ ਦਿੱਤਾ ਜਾਏ। ਇਹ ਯੂਨੀਵਰਸਿਟੀ ਘੱਟ ਗਿਣਤੀ ਅਦਾਰਾ ਹੈ। ਪਿਛਲੇ ਸਾਲ ਹੀ ਸੂਬਾਈ ਸਰਕਾਰ ਨੇ ਕਾਨੂੰਨ ਬਣਾਇਆ ਹੈ ਕਿ ਪ੍ਰਰਾਈਵੇਟ ਯੂਨੀਵਰਸਿਟੀ ਵਿਚ ਜੇਕਰ ਵਿੱਤੀ ਅਤੇ ਪ੍ਰਸ਼ਾਸਨਿਕ ਬੇਨਿਯਮੀ ਪਾਈ ਜਾਂਦੀ ਹੈ ਤਾਂ ਉੱਥੇ ਪ੍ਰਸ਼ਾਸਕ ਨਿਯੁਕਤ ਕੀਤਾ ਜਾ ਸਕਦਾ ਹੈ।

ਇਕ ਦੇ ਬਾਅਦ ਇਕ ਬੇਨਿਯਮੀਆਂ ਮਿਲੀਆਂ : ਸਮਾਜਵਾਦੀ ਪਾਰਟੀ ਸਰਕਾਰ ਵਿਚ ਜੌਹਰ ਯੂਨੀਵਰਸਿਟੀ ਬਣ ਕੇ ਤਿਆਰ ਹੋਈ। ਸੱਤਾ ਬਦਲਣ ਪਿੱਛੋਂ ਸ਼ਿਕਾਇਤਾਂ ਸ਼ੁਰੂ ਹੋ ਗਈਆਂ। ਪ੍ਰਸ਼ਾਸਨ ਨੇ ਜਾਂਚ ਪੜਤਾਲ ਸ਼ੁਰੂ ਕਰਵਾਈ ਤਾਂ ਇਕ ਦੇ ਬਾਅਦ ਇਕ ਸਾਰੀਆਂ ਬੇਨਿਯਮੀਆਂ ਸਾਹਮਣੇ ਆਈਆਂ। ਜਾਂਚ ਵਿਚ ਪਤਾ ਲੱਗਾ ਕਿ ਘੱਟ ਗਿਣਤੀ ਗ਼ਰੀਬਾਂ ਨੂੰ ਮੁਫ਼ਤ ਵਿਚ ਸਿੱਖਿਆ ਨਹੀਂ ਦਿੱਤੀ ਜਾ ਰਹੀ ਹੈ। ਲਾਇਬ੍ਰੇਰੀ ਤੋਂ ਪੁਲਿਸ ਨੇ ਮਦਰੱਸਾ ਆਲੀਆ ਤੋਂ ਚੋਰੀ ਕਿਤਾਬਾਂ ਬਰਾਮਦ ਕਰ ਕੇ ਪੰਜ ਕਰਮਚਾਰੀਆਂ ਨੂੰ ਗਿ੍ਫ਼ਤਾਰ ਕੀਤਾ ਸੀ। ਪਿਛਲੇ ਸਾਲ 26 ਕਿਸਾਨਾਂ ਨੇ ਆਜ਼ਮ ਖ਼ਾਂ ਖ਼ਿਲਾਫ਼ ਜ਼ਮੀਨ ਕਬਜ਼ਾ ਕਰ ਕੇ ਯੂਨੀਵਰਸਿਟੀ ਵਿਚ ਮਿਲਾਉਣ ਦੇ ਮੁਕੱਦਮੇ ਦਰਜ ਕਰਵਾਏ ਸਨ। ਇਸ ਲਈ ਉਨ੍ਹਾਂ ਨੂੰ ਭੌਂ ਮਾਫ਼ੀਆ ਐਲਾਨਿਆ ਗਿਆ। ਕਿਸਾਨਾਂ ਦੀ ਜ਼ਮੀਨ ਵਾਪਸ ਕੀਤੀ ਗਈ। ਕਸਟੋਡੀਅਨ ਦੀ ਕਰੀਬ ਢਾਈ ਸੌ ਵਿੱਘਾ ਜ਼ਮੀਨ ਨੂੰ ਵਕਫ਼ ਜਾਇਦਾਦ ਦੱਸਿਆ। ਇਸ ਵਿਚ ਆਜ਼ਮ ਖ਼ਾਂ ਖ਼ਿਲਾਫ਼ ਮੁਕੱਦਮਾ ਦਰਜ ਹੋਇਆ। ਚਕਰੋਡ ਦੀ ਜ਼ਮੀਨ ਦੀ ਅਦਲਾ-ਬਦਲੀ ਕਰਨ ਵਿਚ ਵੀ ਬੇਨਿਯਮੀ ਮਿਲੀ। ਪ੍ਰਸ਼ਾਸਨ ਨੇ ਪਿਛਲੇ ਮਹੀਨੇ ਚਕਰੋਡ 'ਤੇ ਬਣੀ ਯੂਨੀਵਰਸਿਟੀ ਦੀ ਚਾਰਦੀਵਾਰੀ ਨੂੰ ਤੋੜ ਕੇ ਰਸਤਾ ਖੁੱਲ੍ਹਵਾ ਦਿੱਤਾ। ਯੂਨੀਵਰਸਿਟੀ ਵਿਚ ਕੋਸੀ ਨਦੀ ਖੇਤਰ ਦੀ 140 ਵਿੱਘਾ ਜ਼ਮੀਨ ਦਾ ਪੱਟਾ ਰੱਦ ਕਰ ਦਿੱਤਾ। ਅਨੁਸੂਚਿਤ ਜਾਤੀ ਦੇ ਲੋਕਾਂ ਦੀ 101 ਵਿੱਘਾ ਜ਼ਮੀਨ ਬਿਨਾਂ ਇਜਾਜ਼ਤ ਦੇ ਖ਼ਰੀਦਣ ਦਾ ਮਾਮਲਾ ਵੀ ਸਾਹਮਣੇ ਆਇਆ। ਪ੍ਰਸ਼ਾਸਨ ਨੇ ਜ਼ਮੀਨ ਨੂੰ ਕਬਜ਼ੇ ਵਿਚ ਲੈ ਲਿਆ। ਯੂਨੀਵਰਸਿਟੀ ਦੀਆਂ ਇਮਾਰਤਾਂ ਦਾ ਲੇਬਰ ਸੈੱਸ ਵੀ ਅਦਾ ਨਹੀਂ ਕੀਤਾ ਗਿਆ। ਇਸ 'ਤੇ ਕਿਰਤ ਵਿਭਾਗ ਨੇ 1.37 ਕਰੋੜ ਦੀ ਆਰਸੀ ਜਾਰੀ ਕਰ ਦਿੱਤੀ, ਤਦ ਦੋ ਆਲੀਸ਼ਾਨ ਇਮਾਰਤਾਂ ਨੂੰ ਕੁਰਕ ਕੀਤਾ ਗਿਆ।